Daily Suraj

ਪੰਜਾਬੀ

ਬਾਬਾ ਵਿਸ਼ਵਕਰਮਾ ਫਾਊਂਡੇਸ਼ਨ ਦੇ ਵਫਦ ਦੀ ਆਰ.ਪੀ. ਸ਼ਰਮਾ ਨਾਲ ਮੁਲਾਕਾਤ, ਉਦਯੋਗਿਕ ਮਸਲਿਆਂ 'ਤੇ ਚਰਚਾ

26 Feb, 2026 04:53 PM

ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਇੱਕ ਵਫਦ, ਪ੍ਰਧਾਨ ਰਣਜੀਤ ਸਿੰਘ ਮਠਾੜੂ ਦੀ ਸਰਪ੍ਰਸਤੀ ਹੇਠ, ਐਮ.ਐੱਸ.ਐਮ.ਆਈ ਪੀ.ਸੀ.ਆਈ ਸਲਾਹਕਾਰ ਕਮੇਟੀ ਦੇ ਰਾਸ਼ਟਰੀ ਮੁੱਖ ਸਲਾਹਕਾਰ ਆਰ. ਪੀ. ਸ਼ਰਮਾ ਨਾਲ ਮਿਲਿਆ। ਸ਼ਰਮਾ ਜੀ ਪਹਿਲਾਂ ਦਿੱਲੀ ਸਹਿਕਾਰੀ ਵਿਕਾਸ ਬੋਰਡ ਦੇ ਮੈਂਬਰ ਵੀ ਰਹਿ ਚੁੱਕੇ ਹਨ। ਇਸ ਮੌਕੇ ਵਫਦ ਨਾਲ ਜਨਰਲ ਸੈਕਟਰੀ ਰੇਸ਼ਮ ਸਿੰਘ ਸੱਗੂ, ਪ੍ਰਚਾਰ ਸਕੱਤਰ ਅਮਨ ਕਲਸੀ, ਨਿਪੁੰਨ ਕੁਮਾਰ ਅਤੇ ਸਾਹਿਲ ਜੱਸਲ ਵੀ ਮੌਜੂਦ ਸਨ। ਮੀਟਿੰਗ ਦੌਰਾਨ ਸ. ਮਠਾੜੂ ਅਤੇ ਸ. ਸੱਗੂ ਨੇ ਉਦਯੋਗਿਕ ਖੇਤਰ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੁਧਿਆਣਾ ਦੁਨੀਆ ਦੇ ਮਹੱਤਵਪੂਰਨ ਵਪਾਰਿਕ ਕੇਂਦਰਾਂ ਵਿੱਚੋਂ ਇੱਕ ਹੈ, ਜਿੱਥੇ ਇੰਡਸਟਰੀ ਦੀ ਵੱਡੀ ਮਾਤਰਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਪਾਰ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਛੋਟੇ ਤੇ ਵੱਡੇ ਕਾਰੋਬਾਰਾਂ ਦੀ ਖੁਸ਼ਹਾਲੀ ਨਾਲ ਹੀ ਆਰਥਿਕ ਵਿਕਾਸ ਸੰਭਵ ਹੈ। ਵਫਦ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸੂਬੇ ਵਿੱਚ ਆਏ ਹੜਾਂ ਕਾਰਨ ਉਦਯੋਗ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਇਸ ਸੰਦਰਭ ਵਿੱਚ ਉਨ੍ਹਾਂ ਮੰਗ ਕੀਤੀ ਕਿ ਜੀ.ਐੱਸ.ਟੀ ਰਿਫੰਡ ਦੀ ਬਕਾਇਆ ਰਕਮ ਜਲਦੀ ਜਾਰੀ ਕੀਤੀ ਜਾਵੇ ਤਾਂ ਜੋ ਕਾਰੋਬਾਰ ਨੂੰ ਦੁਬਾਰਾ ਮਜ਼ਬੂਤੀ ਮਿਲ ਸਕੇ। ਇਸ ਮੌਕੇ ਰੇਸ਼ਮ ਸਿੰਘ ਸੱਗੂ ਨੇ ਕਿਹਾ ਕਿ ਛੋਟੇ ਉਦਯੋਗਾਂ ਦੇ ਮੈਂਬਰ ਬਣਾਉਣ ਲਈ ਵੱਖ-ਵੱਖ ਇਲਾਕਿਆਂ ਵਿੱਚ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਨੌਜਵਾਨ ਸੂਬੇ ਦੀ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਰੁਜ਼ਗਾਰ ਯੋਜਨਾਵਾਂ ਦਾ ਲਾਭ ਲੈ ਸਕਣ, ਜਿਹੜੀਆਂ ਭਗਵੰਤ ਮਾਨ ਦੀ ਅਗਵਾਈ ਹੇਠ ਲਾਗੂ ਕੀਤੀਆਂ ਜਾ ਰਹੀਆਂ ਹਨ। ਆਰ.ਪੀ. ਸ਼ਰਮਾ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਦਯੋਗ ਨੂੰ ਦਰਪੇਸ਼ ਸਮੱਸਿਆਵਾਂ ਨੂੰ ਤਰਜੀਹ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਜਾਂ ਸੂਬੇ ਦੀ ਤਰੱਕੀ ਉਦਯੋਗ ਨੂੰ ਆਧੁਨਿਕ ਸੁਵਿਧਾਵਾਂ ਦੇਣ ਨਾਲ ਹੀ ਸੰਭਵ ਹੈ, ਜਿਸ ਨਾਲ ਆਰਥਿਕਤਾ ਵਿੱਚ ਸੁਧਾਰ ਆਉਂਦਾ ਹੈ ਅਤੇ ਵਪਾਰਕ ਸਬੰਧ ਮਜ਼ਬੂਤ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਐਮ.ਐੱਸ.ਐਮ.ਈ ਰਾਹੀਂ ਡੇਅਰੀ ਫਾਰਮਿੰਗ, ਫੂਡ ਪ੍ਰੋਸੈਸਿੰਗ ਅਤੇ ਨਵੇਂ ਉਦਯੋਗ ਸਥਾਪਿਤ ਕਰਨ ਵਾਲੇ ਪ੍ਰੋਜੈਕਟ ਨੌਜਵਾਨਾਂ ਤੱਕ ਪਹੁੰਚਾਏ ਜਾਣਗੇ, ਤਾਂ ਜੋ ਉਹਨਾਂ ਨੂੰ ਰੁਜ਼ਗਾਰ ਲਈ ਵਿਦੇਸ਼ ਜਾਣ ਦੀ ਲੋੜ ਨਾ ਪਵੇ। ਆਖਿਰ ਵਿੱਚ ਉਨ੍ਹਾਂ ਆਪਣੇ ਆਉਣ ਵਾਲੇ ਲੁਧਿਆਣਾ ਦੌਰੇ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਨੌਜਵਾਨਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਨਵੇਂ ਉਦਯੋਗ ਖੜੇ ਕੀਤੇ ਜਾ ਸਕਣ।

Posted By: Daily Suraj Bureau

Latest News