ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦੇ ਵਿਰੋਧ 'ਚ 'ਆਪ' ਨੇ ਭਾਜਪਾ ਦਫ਼ਤਰ ਦਾ ਘਿਰਾਓ ਕੀਤਾ, ਰਵਨੀਤ ਬਿੱਟੂ ਦਾ ਸਾੜਿਆ ਪੁਤਲਾ

ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦੇ ਵਿਰੋਧ 'ਚ 'ਆਪ' ਨੇ ਭਾਜਪਾ ਦਫ਼ਤਰ ਦਾ ਘਿਰਾਓ ਕੀਤਾ, ਰਵਨੀਤ ਬਿੱਟੂ ਦਾ ਸਾੜਿਆ ਪੁਤਲਾ

ਲੁਧਿਆਣਾ : ਸਰਕਾਰ 'ਤੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦਾ ਦੋਸ਼ ਲਗਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਭਾਜਪਾ ਦਫ਼ਤਰ ਦਾ ਘਿਰਾਓ ਕੀਤਾ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਸਾੜਿਆ।

ਭਾਜਪਾ ਦਫ਼ਤਰ ਦੀ ਘੇਰਾਬੰਦੀ ਦੀ ਸੂਚਨਾ ਮਿਲਣ 'ਤੇ ਭਾਜਪਾ ਵਰਕਰ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ। ਤਣਾਅ ਨੂੰ ਦੇਖ ਕੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਭਾਜਪਾ ਦਫ਼ਤਰ ਦਾ ਗੇਟ ਬੰਦ ਕਰ ਦਿੱਤਾ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਅਤੇ ਨਾ ਹੀ ਭਾਜਪਾ ਵਰਕਰਾਂ ਨੂੰ ਬਾਹਰ ਜਾਣ ਦਿੱਤਾ। ਇਸ ਦੌਰਾਨ ਤਣਾਅ ਬਣਿਆ ਰਿਹਾ ਪਰ ਬਿੱਟੂ ਦਾ ਪੁਤਲਾ ਸਾੜਨ ਤੋਂ ਬਾਅਦ 'ਆਪ' ਵਰਕਰ ਭਾਜਪਾ ਦਫ਼ਤਰ ਤੋਂ ਵਾਪਸ ਚਲੇ ਗਏ।

ਇਸ ਤੋਂ ਪਹਿਲਾਂ ‘ਆਪ’ ਦੇ ਧਰਨੇ ਦੀ ਅਗਵਾਈ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਅਮਨਦੀਪ ਸਿੰਘ ਮੋਹੀ ਅਤੇ ਸ਼ਰਨਪਾਲ ਸਿੰਘ ਮੱਕੜ ਨੇ ਕੀਤੀ। ਇਸ ਮੌਕੇ ਹਲਕਾ ਵਿਧਾਇਕ (ਪੂਰਬੀ) ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ (ਕੇਂਦਰੀ) ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ (ਆਤਮ ਨਗਰ) ਸਰਦਾਰ ਕੁਲਵੰਤ ਸਿੰਘ ਸਿੱਧੂ, ਵਿਧਾਇਕ (ਉੱਤਰੀ) ਚੌਧਰੀ ਮਦਨ ਲਾਲ ਬੱਗਾ, ਵਿਧਾਇਕ (ਗਿੱਲ) ਸਰਦਾਰ ਜੀਵਨ ਸਿੰਘ ਸੰਗੋਵਾਲ ਅਤੇ ਵਿਧਾਇਕ (ਦੱਖਣ) ਛਿੰਦਰਪਾਲ ਰਾਜਿੰਦਰ ਕੌਰ, ਵਿਧਾਇਕ ਪੂਰਬੀ ਸ੍ਰੀ ਦਲਜੀਤ ਸਿੰਘ ਭੋਲਾ ਗਰੇਵਾਲ ਆਦਿ ਪ੍ਰਮੁੱਖ ਆਗੂ ਹਾਜ਼ਰ ਸਨ।

'ਆਪ' ਆਗੂਆਂ ਨੇ ਕੇਂਦਰ ਦੀ ਸਖ਼ਤ ਨਿੰਦਾ ਕੀਤੀ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ 'ਤੇ ਪੰਜਾਬ ਦੇ ਹਿੱਤਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਗਾਇਆ। ਭਾਜਪਾ ਸਰਕਾਰ ਨੇ ਪੰਜਾਬ ਨਾਲ ਵਾਰ-ਵਾਰ ਵਿਤਕਰਾ ਕੀਤਾ ਹੈ। ਪੰਜਾਬੀ ਆਪਣੇ ਪਾਣੀਆਂ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ।

ਪੰਜਾਬ ਦਾ ਪਾਣੀ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ : ਰਵਨੀਤ ਬਿੱਟੂ

ਦੂਜੇ ਪਾਸੇ, ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ 'ਆਪ' ਪਾਰਟੀ ਵੱਲੋਂ ਭਾਜਪਾ ਦਫ਼ਤਰ ਦੀ ਘੇਰਾਬੰਦੀ ਅਤੇ ਵਿਰੋਧ ਪ੍ਰਦਰਸ਼ਨ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਹੈ ਕਿ ਪੰਜਾਬ ਦਾ ਪਾਣੀ ਕਿਸੇ ਵੀ ਸੂਬੇ ਨੂੰ ਨਹੀਂ ਦਿੱਤਾ ਜਾਵੇਗਾ। ਬਿੱਟੂ ਨੇ ਇਹ ਵੀ ਮੰਗ ਕੀਤੀ ਹੈ ਕਿ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਲਈ 'ਆਪ' ਆਗੂਆਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ।

#AAPProtest #WaterDispute #PunjabHaryana #RavneetBittu #PunjabPolitics #WaterRights #CrisisInPunjab #BJPProtest #PunjabHaryanaTension