ਰਾਮਦੇਵ ਕਿਸੇ ਦੇ ਕੰਟਰੋਲ ਤੋਂ ਬਾਹਰ, ਆਪਣੀ ਦੁਨੀਆਂ ਵਿੱਚ ਰਹਿੰਦੈ: ਦਿੱਲੀ ਹਾਈ ਕੋਰਟ
- ਰਾਸ਼ਟਰੀ
- 01 May,2025

ਨਵੀਂ ਦਿੱਲੀ : ‘Sharbat jihad’ row: ਦਿੱਲੀ ਹਾਈ ਕੋਰਟ (Delhi High Court) ਨੇ ਯੋਗ ਅਭਿਆਸੀ ਰਾਮਦੇਵ ਦੀਆਂ ‘ਹਮਦਰਦ’ ਦੀ ਰੂਹ ਅਫਜ਼ਾ ਵਿਰੁੱਧ “ਸ਼ਰਬਤ ਜਿਹਾਦ” ਵਰਗੀਆਂ ਵਿਵਾਦਮਈ ਟਿੱਪਣੀਆਂ ਲਈ ਉਨ੍ਹਾਂ ਖ਼ਿਲਾਫ਼ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਲਈ ਅਦਾਲਤੀ ਮਾਣਹਾਨੀ ਦੇ ਮਾਮਲੇ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਵੀਰਵਾਰ ਨੂੰ ਕਿਹਾ ਕਿ ਰਾਮਦੇਵ “ਕਿਸੇ ਦੇ ਕੰਟਰੋਲ ਵਿੱਚ ਨਹੀਂ ਸਨ” ਅਤੇ ਆਪਣੀ ਹੀ ਦੁਨੀਆਂ ਵਿੱਚ ਰਹਿੰਦੇ ਹਨ।
ਗ਼ੌਰਤਲਬ ਹੈ ਕਿ ਅਦਾਲਤ ਨੇ ਪਹਿਲਾਂ ਉਨ੍ਹਾਂ ਨੂੰ ਹਮਦਰਦ ਦੇ ਉਤਪਾਦਾਂ ‘ਤੇ ਭਵਿੱਖ ਵਿੱਚ ਕੋਈ ਬਿਆਨ ਜਾਰੀ ਨਾ ਕਰਨ ਜਾਂ ਵੀਡੀਓ ਸਾਂਝਾ ਨਾ ਕਰਨ ਦਾ ਹੁਕਮ ਦਿੱਤਾ ਸੀ।
ਦਿੱਲੀ ਹਾਈ ਕੋਰਟ ਦੇ ਜਸਟਿਸ ਅਮਿਤ ਬਾਂਸਲ (Justice Amit Bansal) ਨੇ ਕਿਹਾ, “ਪਿਛਲੇ ਹੁਕਮ ਦੇ ਮੱਦੇਨਜ਼ਰ, ਉਨ੍ਹਾਂ ਦਾ ਹਲਫ਼ਨਾਮਾ ਅਤੇ ਇਹ ਵੀਡੀਓ ਪਹਿਲੀ ਨਜ਼ਰੇ ਬੇਅਦਬੀ (ਦਾ ਮਾਮਲਾ ਬਣਦੇ) ਹਨ। ਮੈਂ ਹੁਣ ਅਦਾਲਤੀ ਹੱਤਕ ਇੱਜ਼ਤ ਦਾ ਨੋਟਿਸ (contempt notice) ਜਾਰੀ ਕਰਾਂਗਾ। ਅਸੀਂ ਉਸਨੂੰ ਇੱਥੇ ਤਲਬ ਕਰ ਰਹੇ ਹਾਂ।”
ਬੈਂਚ ਨੇ ਇਹ ਗੱਲ ਅਦਾਲਤ ਨੂੰ ਵੀਰਵਾਰ ਨੂੰ ਇਹ ਸੂਚਨਾ ਦਿੱਤੇ ਜਾਣ ਤੋਂ ਬਾਅਦ ਕਹੀ ਕਿ ਅਦਾਲਤ ਦੇ 22 ਅਪਰੈਲ ਦੇ ਹੁਕਮਾਂ ਦੇ ਬਾਵਜੂਦ ਰਾਮਦੇਵ ਨੇ ਇਤਰਾਜ਼ਯੋਗ ਬਿਆਨ ਦਿੰਦਿਆਂ ਇੱਕ ਵੀਡੀਓ ਪ੍ਰਕਾਸ਼ਤ ਕੀਤਾ ਹੈ। ਜੱਜ ਨੇ ਕਿਹਾ, “ਉਹ (ਰਾਮਦੇਵ) ਕਿਸੇ ਦੇ ਕੰਟਰੋਲ ਵਿੱਚ ਨਹੀਂ ਹੈ। ਉਹ ਆਪਣੀ ਦੁਨੀਆਂ ਵਿੱਚ ਰਹਿੰਦਾ ਹੈ।”
ਰਾਮਦੇਵ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਮਾਮਲੇ ਨੂੰ ਕੁਝ ਸਮੇਂ ਬਾਅਦ ਵਿਚਾਰੇ ਕਿਉਂਕਿ ਬਹਿਸ ਕਰਨ ਵਾਲਾ ਵਕੀਲ ਉਪਲਬਧ ਨਹੀਂ ਸੀ।
ਇਸ ਲਈ, ਅਦਾਲਤ ਨੇ ਸੁਣਵਾਈ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ।
ਦੱਸਣਯੋਗ ਹੈ ਕਿ ਹਮਦਰਦ ਨੈਸ਼ਨਲ ਫਾਊਂਡੇਸ਼ਨ ਇੰਡੀਆ ਨੇ ਵਿਵਾਦਪੂਰਨ ਟਿੱਪਣੀਆਂ ਲਈ ਰਾਮਦੇਵ ਅਤੇ ਉਨ੍ਹਾਂ ਦੀ ਪਤੰਜਲੀ ਫੂਡਜ਼ ਲਿਮਟਿਡ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ।
ਅਦਾਲਤ ਨੇ ਪਿਛਲੀ ਸੁਣਵਾਈ ਮੌਕੇ ‘ਤੇ ਕਿਹਾ ਸੀ ਕਿ ਹਮਦਰਦ ਦੀ ਰੂਹ ਅਫਜ਼ਾ ‘ਤੇ ਰਾਮਦੇਵ ਦੀ “ਸ਼ਰਬਤ ਜਿਹਾਦ” ਵਾਲੀ ਟਿੱਪਣੀ ਨੇ ਉਨ੍ਹਾਂ ਦੀ ਜ਼ਮੀਰ ਨੂੰ ਕੰਬਾ ਦਿੱਤਾ ਸੀ ਅਤੇ ਇਹ ਵਾਜਬ ਨਹੀਂ ਸੀ। ਇਸ ’ਤੇ ਯੋਗ ਗੁਰੂ ਨੂੰ ਇਹ ਭਰੋਸਾ ਦੇਣ ਲਈ ਮਜਬੂਰ ਹੋਣਾ ਪਿਆ ਕਿ ਉਹ ਤੁਰੰਤ ਸਬੰਧਤ ਵੀਡੀਓ ਅਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਹਟਾ ਦੇਣਗੇ।
ਹਮਦਰਦ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਪਤੰਜਲੀ ਦੇ “ਗੁਲਾਬ ਸ਼ਰਬਤ” ਦਾ ਪ੍ਰਚਾਰ ਕਰਦੇ ਹੋਏ ਰਾਮਦੇਵ ਨੇ ਦੋਸ਼ ਲਗਾਇਆ ਕਿ ਹਮਦਰਦ ਵੱਲੋਂ ਰੂਹ ਅਫਜ਼ਾ ਤੋਂ ਕਮਾਏ ਪੈਸੇ ਦੀ ਵਰਤੋਂ ਮਦਰੱਸਿਆਂ ਅਤੇ ਮਸਜਿਦਾਂ ਦੇ ਨਿਰਮਾਣ ਲਈ ਕੀਤੀ ਗਈ ਸੀ।
#Ramdev #DelhiHighCourt #CourtOrder #YogaGuru #SelfControl #IndianBusiness #RamdevCase #CourtJudgement
Posted By:

Leave a Reply