ਸਿੱਖਿਆ ਸਮੱਗਰੀ ‘ਤੇ ਉੱਠੇ ਸਵਾਲ, CJI ਨੇ NCERT ਦੀ ਕਿਤਾਬ ‘ਤੇ ਚਿੰਤਾ ਜਤਾਈ
ਸੁਪਰੀਮ ਕੋਰਟ ਨੇ NCERT ਦੀ ਅੱਠਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ਵਿੱਚ ਨਿਆਂਪਾਲਿਕਾ ਨਾਲ ਸਬੰਧਤ ਸਮੱਗਰੀ ‘ਤੇ ਗੰਭੀਰ ਇਤਰਾਜ਼ ਜਤਾਇਆ ਹੈ। ਚੀਫ਼ ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਨਿਆਂਪਾਲਿਕਾ ਦੀ ਸੰਸਥਾ ਨੂੰ ਬਦਨਾਮ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਅਦਾਲਤ ਨੇ ਭਰੋਸਾ ਦਿਵਾਇਆ ਕਿ ਉਚਿਤ ਅਤੇ ਕਾਨੂੰਨੀ ਕਦਮ ਚੁੱਕੇ ਜਾਣਗੇ। ਸੀਜੇਆਈ (CJI) ਨੇ ਕਿਹਾ ਕਿ ਨਿਆਂਪਾਲਿਕਾ ਦੀ ਮਰਿਆਦਾ ਅਤੇ ਭਰੋਸੇਯੋਗਤਾ ਨੂੰ ਬਣਾਈ ਰੱਖਣਾ ਸਭ ਤੋਂ ਵੱਡੀ ਤਰਜੀਹ ਹੈ। ਦੱਸ ਦਈਏ ਕਿ ਅੱਠਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ਵਿੱਚ ‘ਨਿਆਂਪਾਲਿਕਾ ਵਿੱਚ ਭ੍ਰਿਸ਼ਟਾਚਾਰ’ ਨਾਲ ਸਬੰਧਤ ਇੱਕ ਹਿੱਸਾ ਜੋੜਿਆ ਗਿਆ ਹੈ। ਸੀਨੀਅਰ ਵਕੀਲ ਕਪਿਲ ਸਿੱਬਲ ਅਤੇ ਅਭਿਸ਼ੇਕ ਮਨੂ ਸਿੰਘਵੀ ਨੇ ਇਸ ਮੁੱਦੇ ਨੂੰ ਅਦਾਲਤ ਦੇ ਸਾਹਮਣੇ ਉਠਾਇਆ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਮੱਗਰੀ ਪੜ੍ਹਾਇਆ ਜਾਣਾ ਚਿੰਤਾਜਨਕ ਹੈ। ਇਸ ‘ਤੇ ਸੀਜੇਆਈ (CJI) ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਿਸ਼ੇ ‘ਤੇ ਕਈ ਫ਼ੋਨ ਅਤੇ ਸੁਨੇਹੇ ਮਿਲੇ ਹਨ ਅਤੇ ਉਹ ਪੂਰੀ ਤਰ੍ਹਾਂ ਨਾਲ ਮਾਮਲੇ ਤੋਂ ਜਾਣੂ ਹਨ। ਚੀਫ਼ ਜਸਟਿਸ ਨੇ ਕਿਹਾ “ਮੈਨੂੰ ਇਸ ਦੀ ਪੂਰੀ ਜਾਣਕਾਰੀ ਹੈ। ਇਹ ਪੂਰੀ ਨਿਆਂਇਕ ਸੰਸਥਾ ਲਈ ਚਿੰਤਾ ਦੀ ਗੱਲ ਹੈ। ਇਹ ਇੱਕ ਸੋਚਿਆ-ਸਮਝਿਆ ਕਦਮ ਲੱਗ ਰਿਹਾ ਹੈ। ਮੈਂ ਕਿਸੇ ਨੂੰ ਵੀ, ਚਾਹੇ ਉਹ ਕਿੰਨੇ ਵੀ ਉੱਚੇ ਅਹੁਦੇ ‘ਤੇ ਕਿਉਂ ਨਾ ਹੋਵੇ, ਸੰਸਥਾ ਨੂੰ ਬਦਨਾਮ ਨਹੀਂ ਕਰਨ ਦਿਆਂਗਾ। ਮੈਂ ਇਸ ਮਾਮਲੇ ਦਾ ਖ਼ੁਦ ਨੋਟਿਸ ਲੈ ਰਿਹਾ ਹਾਂ।
Posted By: Daily Suraj Bureau