Daily Suraj

ਪੰਜਾਬੀ

ਭਾਖੜਾ ਤੇ ਰਣਜੀਤ ਸਾਗਰ ਡੈਮਾਂ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਐਨ ਨੇੜੇ

04 Sep, 2025 05:19 PM

ਪਹਾੜਾਂ ’ਚੋਂ ਘੱਗਰ ’ਚ ਪਾਣੀ ਦੀ ਆਮਦ ਬੇਸ਼ੱਕ ਅੱਜ ਇਕਦਮ ਘੱਟ ਗਈ ਹੈ, ਪਰ ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਵਿਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਐਨ ਨੇੜੇ ਪਹੁੰਚ ਗਿਆ ਹੈ। ਭਾਖੜਾ ਵਿਚ ਜਿੰਨਾ ਪਾਣੀ ਪਹਾੜਾਂ ’ਚੋਂ ਆ ਰਿਹਾ ਹੈ, ਓਨਾ ਪਾਣੀ ਹੀ ਸਤਲੁਜ ’ਚ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਇਸ ਵੇਲੇ ਖ਼ਤਰੇ ਦੇ ਨਿਸ਼ਾਨ ਤੋਂ ਮਹਿਜ਼ ਇੱਕ ਫੁੱਟ ਹੇਠਾਂ ਹੈ ਅਤੇ ਰਣਜੀਤ ਸਾਗਰ ਡੈਮ ਵੀ ਖ਼ਤਰੇ ਦੇ ਨਿਸ਼ਾਨ ਤੋਂ ਇੱਕ ਮੀਟਰ ਹੀ ਹੇਠਾਂ ਹੈ। ਰਣਜੀਤ ਸਾਗਰ ਡੈਮ ’ਚ ਪਾਣੀ ਦੀ ਆਮਦ ਪਹਿਲਾਂ ਨਾਲੋਂ ਘਟੀ ਹੈ।


ਪੌਂਗ ਡੈਮ ਪਹਿਲਾਂ ਹੀ ਖ਼ਤਰੇ ਦੇ ਨਿਸ਼ਾਨ ਤੋਂ ਸਾਢੇ ਚਾਰ ਫੁੱਟ ਉਪਰ ਚੱਲ ਰਿਹਾ ਹੈ। ਪੌਂਗ ਡੈਮ ਵਿਚ ਅੱਜ ਮੁੜ ਪਹਾੜਾਂ ’ਚੋਂ ਪਾਣੀ ਦੀ ਆਮਦ 1.14 ਲੱਖ ਕਿਊਸਿਕ ਹੋ ਗਈ ਹੈ ਅਤੇ ਇਸ ਡੈਮ ’ਚੋਂ ਇੱਕ ਲੱਖ ਕਿਊਸਿਕ ਪਾਣੀ ਬਿਆਸ ’ਚ ਛੱਡਿਆ ਜਾ ਰਿਹਾ ਹੈ। ਘੱਗਰ ’ਚ ਪਹਾੜਾਂ ’ਚੋਂ ਪਾਣੀ ਆਉਣਾ ਪਹਿਲਾਂ ਨਾਲੋਂ ਘੱਟ ਗਿਆ ਹੈ। ਠੀਕ 10 ਵਜੇ ਸਵੇਰੇ ਘੱਗਰ ’ਚ ਪਹਾੜਾਂ ਤੋਂ ਮਹਿਜ਼ 5898 ਕਿਊਸਿਕ ਪਾਣੀ ਹੀ ਆਇਆ। ਮਾਨਸਾ ਦੇ ਸਰਦੂਲਗੜ੍ਹ ’ਚ ਹਾਲਾਤ ਚਿੰਤਾਜਨਕ ਹਨ ਕਿਉਂਕਿ ਸਰਦੂਲਗੜ੍ਹ ਨੇੜੇ ਘੱਗਰ ’ਚ ਪਾਣੀ 37550 ਕਿਊਸਿਕ ਹੋ ਗਿਆ ਹੈ। ਸਰਦੂਲਗੜ੍ਹ ’ਚ 32500 ਕਿਊਸਿਕ ਪਾਣੀ ਨੂੰ ਖ਼ਤਰਾ ਮੰਨਿਆ ਜਾਂਦਾ ਹੈ ਪ੍ਰੰਤੂ ਇਸ ਵੇਲੇ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਪੰਜ ਹਜ਼ਾਰ ਕਿਊਸਿਕ ਪਾਣੀ ਵੱਧ ਚੱਲ ਰਿਹਾ ਹੈ।

Posted By: Daily Suraj Bureau

Latest News