ਕਾਇਰਾ ਐਗਨਿਊ ਕਤਲ ਕੇਸ: ਮੈਕਸਿਕਨ ਅਦਾਲਤ ਵੱਲੋਂ ਫੈਸਲਾ ਪਲਟਿਆ, ਰਾਇਨ ਦੋਸ਼ੀ
ਮੈਕਸਿਕੋ ਵਿੱਚ ਆਪਣੀ ਗਰਲਫਰੈਂਡ ਦੇ ਕਤਲ ਦੇ ਮਾਮਲੇ ਵਿੱਚ ਕੈਨੇਡੀਅਨ ਨਾਗਰਿਕ ਰਾਇਨ ਫਰਾਇਜ਼ਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੈਕਸਿਕੋ ਦੇ ਇੱਕ ਜੱਜ ਵੱਲੋਂ ਇਹ ਫੈਸਲਾ ਉਸ ਸਮੇਂ ਸੁਣਾਇਆ ਗਿਆ, ਜਦੋਂ ਮਾਮਲੇ ਦੀ ਦੁਬਾਰਾ ਸਮੀਖਿਆ ਇੱਕ ਟਿੰਡੀਪੈਂਡੈਂਟ ਮੈਜਿਸਟ੍ਰੇਟ ਵੱਲੋਂ ਕੀਤੀ ਗਈ।ਇਹ ਮਾਮਲਾ ਮਾਰਚ 2023 ਦਾ ਹੈ, ਜਦੋਂ ਰਾਇਨ ਫਰਾਇਜ਼ਨ ਦੀ ਗਰਲਫਰੈਂਡ ਕਾਇਰਾ ਐਗਨਿਊ ਮੈਕਸਿਕੋ ਦੇ ਇੱਕ ਫਾਈਵ ਸਟਾਰ ਰਿਜ਼ਾਰਟ ਦੇ ਲਾਂਡਰੀ ਰੂਮ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੀ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਕਾਇਰਾ ਦੀ ਮੌਤ ਕੁੱਟਮਾਰ ਕਾਰਨ ਹੋਈ ਸੀ, ਜਦਕਿ ਰਾਇਨ ਫਰਾਇਜ਼ਨ ਉਸ ਦੀ ਲਾਸ਼ ਦੇ ਨੇੜੇ ਹੀ ਸੁੱਤਾ ਹੋਇਆ ਮਿਲਿਆ।ਘਟਨਾ ਤੋਂ ਬਾਅਦ ਮੈਕਸਿਕਨ ਅਧਿਕਾਰੀਆਂ ਵੱਲੋਂ ਰਾਇਨ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਕਾਇਰਾ ਦੇ ਕਤਲ ਦੇ ਦੋਸ਼ਾਂ ਹੇਠ ਚਾਰਜ ਤੈਅ ਕੀਤੇ ਗਏ ਸਨ। ਹਾਲਾਂਕਿ, ਸਤੰਬਰ 2024 ਵਿੱਚ ਮੈਕਸਿਕੋ ਦੇ ਇੱਕ ਜੱਜ ਵੱਲੋਂ ਰਾਇਨ ਨੂੰ ਬੇਕਸੂਰ ਕਰਾਰ ਦੇ ਦਿੱਤਾ ਗਿਆ ਸੀ, ਜਿਸ ਨਾਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਸੀ।ਇਸ ਦਰਮਿਆਨ, ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਕਾਇਰਾ ਐਗਨਿਊ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਉਸ ਫੈਸਲੇ ਨੂੰ ਇੱਕ ਸੁਤੰਤਰ ਮੈਜਿਸਟ੍ਰੇਟ ਵੱਲੋਂ ਪਲਟ ਦਿੱਤਾ ਗਿਆ ਹੈ। ਨਵੀਂ ਸੁਣਵਾਈ ਤੋਂ ਬਾਅਦ ਰਾਇਨ ਫਰਾਇਜ਼ਨ ਨੂੰ ਕਾਇਰਾ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।ਰਾਇਨ ਦੇ ਵਕੀਲ ਵੱਲੋਂ ਇਸ ਫੈਸਲੇ ਖ਼ਿਲਾਫ ਅਪੀਲ ਕਰਨ ਦਾ ਐਲਾਨ ਕੀਤਾ ਗਿਆ ਹੈ। ਜੇ ਅਪੀਲ ਅਸਫ਼ਲ ਰਹਿੰਦੀ ਹੈ ਤਾਂ ਰਾਇਨ ਫਰਾਇਜ਼ਨ ਨੂੰ ਮੈਕਸਿਕੋ ਵਿੱਚ 50 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
Posted By: Daily Suraj Bureau