ਅਮਰੀਕਾ-ਵੈਨੇਜ਼ੁਏਲਾ ਤਣਾਅ ਨਾਲ ਰਫਿਊਜੀ ਸੰਕਟ ਵਧਣ ਦੀ ਆਸ਼ੰਕਾ
ਹੈਲੀਫੈਕਸ, —ਅਮਰੀਕਾ ਵੱਲੋਂ ਵੈਨੇਜ਼ੁਏਲਾ ਖ਼ਿਲਾਫ ਕੀਤੀ ਗਈ ਕਾਰਵਾਈ ਦੇ ਸੰਭਾਵਿਤ ਅਸਰਾਂ ਨੂੰ ਲੈ ਕੇ ਕੈਨੇਡਾ ਵਿੱਚ ਚਰਚਾ ਤੇਜ਼ ਹੋ ਗਈ ਹੈ। ਵੈਨੇਜ਼ੁਏਲਾ ਦੀ ਇੱਕਜੁੱਟਤਾ ਦੇ ਸਮਰਥਨ ਵਿੱਚ ਸੈਂਕੜੇ ਲੋਕ ਹੈਲੀਫੈਕਸ ਵਿੱਚ ਇਕੱਠੇ ਹੋਏ, ਜਦਕਿ ਓਟਵਾ ਅਤੇ ਵਿਨੀਪੈਗ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਅਜਿਹੇ ਪ੍ਰਦਰਸ਼ਨ ਦਰਜ ਕੀਤੇ ਗਏ। ਪ੍ਰਦਰਸ਼ਨਾਂ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸਾਰੇ ਲੋਕ ਅਮਰੀਕੀ ਕਦਮਾਂ ਦੇ ਵਿਰੋਧ ਵਿੱਚ ਨਹੀਂ ਹਨ। ਕੁਝ ਹਿਸੇਦਾਰਾਂ ਨੇ ਇਸ ਕਾਰਵਾਈ ਨੂੰ ਸਹੀ ਕਰਾਰ ਦਿੰਦਿਆਂ ਆਪਣੀ ਹਮਾਇਤ ਵੀ ਜਤਾਈ। ਪੀਸ ਅਲਾਇੰਸ ਵਿਨੀਪੈਗ ਦੇ ਚੇਅਰ ਗਲੈਨ ਮਾਈਕਲਚੱਕ ਨੇ ਕਿਹਾ ਕਿ ਜੇ ਕੈਨੇਡਾ ਅੰਤਰਰਾਸ਼ਟਰੀ ਕਾਨੂੰਨ ਦਾ ਸਮਰਥਕ ਹੈ ਤਾਂ ਉਸ ਨੂੰ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਦੇਸ਼ ਵਾਪਸ ਆਉਣ ਦੀ ਮੰਗ ਕਰਨੀ ਚਾਹੀਦੀ ਹੈ, ਕਿਉਂਕਿ ਉਹ ਚੁਣੇ ਹੋਏ ਰਾਸ਼ਟਰਪਤੀ ਹਨ। ਇਸ ਮਾਮਲੇ ’ਤੇ ਰਾਜਨੀਤਿਕ ਮਾਹਿਰਾਂ ਨੇ ਵੀ ਚਿੰਤਾ ਜਤਾਈ ਹੈ। ਮਾਊਂਟ ਸੇਂਟ ਵਿਨਸੈਂਟ ਯੂਨੀਵਰਸਿਟੀ ਦੇ ਪੋਲਿਟਿਕਲ ਸਾਇੰਸ ਦੇ ਪ੍ਰੋਫੈਸਰ ਜੈੱਫ ਮੈਕਲੀਓਡ ਨੇ ਕਿਹਾ ਕਿ ਉਹ ਬਿਨਾਂ ਕਾਰਨ ਦੇ ਚੇਤਾਵਨੀ ਨਹੀਂ ਦੇ ਰਹੇ। ਉਨ੍ਹਾਂ ਮੁਤਾਬਕ, ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਵਿਦੇਸ਼ ਨੀਤੀ ਦਾ ਕੈਨੇਡਾ ਅਤੇ ਹੋਰ ਦੇਸ਼ਾਂ ’ਤੇ ਸਿੱਧਾ ਅਸਰ ਪੈ ਸਕਦਾ ਹੈ। ਪ੍ਰੋਫੈਸਰ ਮੈਕਲੀਓਡ ਨੇ ਇਹ ਵੀ ਯਾਦ ਦਿਵਾਇਆ ਕਿ ਜਦੋਂ ਟਰੰਪ ਵੱਲੋਂ ਕੈਨੇਡਾ ਅਤੇ ਗ੍ਰੀਨਲੈਂਡ ਉੱਤੇ ਕਬਜ਼ੇ ਸਬੰਧੀ ਬਿਆਨ ਆਏ ਸਨ, ਤਦ ਉਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਕਿਸੇ ਹੋਰ ਦੇਸ਼ ਦੀ ਖੁਦਮੁਖ਼ਤਿਆਰੀ ਬਾਰੇ ਕਾਰਵਾਈ ਦੀ ਗੱਲ ਕਰੇ, ਤਾਂ ਉਸ ’ਤੇ ਸੰਘੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸੋਚ-ਵਿਚਾਰ ਲਾਜ਼ਮੀ ਬਣ ਜਾਂਦਾ ਹੈ। ਮਾਹਿਰਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਦੀ ਇਸ ਕਾਰਵਾਈ ਨਾਲ ਵੈਨੇਜ਼ੁਏਲਾ ਦਾ ਰਫਿਊਜੀ ਸੰਕਟ ਹੋਰ ਗੰਭੀਰ ਹੋ ਸਕਦਾ ਹੈ, ਜਿਸ ਦਾ ਸਿੱਧਾ ਅਸਰ ਕੈਨੇਡਾ ਸਮੇਤ ਹੋਰ ਦੇਸ਼ਾਂ ’ਤੇ ਵੀ ਪੈ ਸਕਦਾ ਹੈ।
Posted By: Daily Suraj Bureau