Daily Suraj

ਪੰਜਾਬੀ

ਦਿੱਲੀ ਉੱਤੇ ਸੰਘਣੀ ਧੁੰਦ ਦੀ ਚਾਦਰ ਛਾਈ, ਹਵਾਈ ਉਡਾਣਾਂ ਅਸਰਅੰਦਾਜ਼

15 Dec, 2025 07:33 PM

ਕੌਮੀ ਰਾਜਧਾਨੀ ਦਿੱਲੀ ਤੇ ਨਾਲ ਲੱਗਦੇ ਖੇਤਰਾਂ ਵਿਚ ਸੋਮਵਾਰ ਸਵੇਰੇ ਸੰਘਣੀ ਧੁੰਦ ਦੀ ਚਾਦਰ ਕਰਕੇ ਦਿਸਣ ਹੱਦ ਘੱਟ ਗਈ ਜਿਸ ਕਰਕੇ ਹਵਾਈ ਉਡਾਣਾਂ ਦੇ ਸੰਚਾਲਨ ’ਤੇ ਅਸਰ ਪਿਆ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਕੌਮੀ ਰਾਜਧਾਨੀ ਵਿਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਸੰਘਣੀ ਧੁੰਦ ਲਈ ‘ਸੰਤਰੀ’ ਚੇਤਾਵਨੀ ਜਾਰੀ ਕੀਤੀ ਸੀ। ਸ਼ਹਿਰ ਦੀ ਵਿਜ਼ੀਬਿਲਟੀ ਵੀ ਘੱਟ ਹੋ ਗਈ।

ਮੌਸਮ ਵਿਭਾਗ ਨੇ ਇਕ ਬਿਆਨ ਵਿਚ ਕਿਹਾ, ‘‘ਪਾਲਮ ਹਵਾਈ ਅੱਡੇ ਉੱਤੇ ਦਿਸਣ ਹੱਦ, ਜੋ ਸਵੇਰੇ 6:30 ਵਜੇ ਦੇ ਕਰੀਬ 50 ਮੀਟਰ ਸੀ, ਸਵੇਰੇ 8:30 ਵਜੇ ਤੱਕ ਦਰਮਿਆਨੀ ਧੁੰਦ ਵਿੱਚ ਸੁਧਰ ਕੇ ਲਗਪਗ 200 ਮੀਟਰ ਤੱਕ ਹੋ ਗਈ। ਅਗਲੇ 3-4 ਘੰਟਿਆਂ ਵਿੱਚ ਇਸ ਵਿੱਚ ਹੋਰ ਸੁਧਾਰ ਹੋਣ ਦੀ ਸੰਭਾਵਨਾ ਹੈ।’’ ਦਿਸਣ ਹੱਦ ਘਟਣ ਕਰਕੇ ਹਵਾਈ ਉਡਾਣਾਂ ਦੇ ਸੰਚਾਲਨ ਨੂੰ ਅਸਰਅੰਦਾਜ਼ ਕੀਤਾ। ਫਲਾਈਟ ਟਰੈਕਿੰਗ ਵੈੱਬਸਾਈਟ FlightRadar24 ਅਨੁਸਾਰ, ਦਿੱਲੀ ਹਵਾਈ ਅੱਡੇ ’ਤੇ 110 ਰਵਾਨਗੀ ਅਤੇ 37 ਆਮਦ ਉਡਾਣਾਂ ਵਿਚ ਦੇਰੀ ਹੋਈ। ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ‘ਸੰਘਣੀ ਧੁੰਦ ਕਾਰਨ, ਉਡਾਣਾਂ ਵਿੱਚ ਵਿਘਨ ਪੈ ਸਕਦਾ ਹੈ।

ਹਵਾਈ ਅੱਡੇ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅਸੀਂ ਯਾਤਰੀਆਂ ਨੂੰ ਦਰਪੇਸ਼ ਅਸੁਵਿਧਾ ਘੱਟ ਕਰਨ ਲਈ ਯਤਨਸ਼ੀਲ ਹਾਂ। ਨਵੀਨਤਮ ਉਡਾਣ ਅਪਡੇਟਸ ਲਈ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀਆਂ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ। ਸਾਨੂੰ ਹੋਣ ਵਾਲੀ ਕਿਸੇ ਵੀ ਅਸੁਵਿਧਾ ਲਈ ਦਿਲੋਂ ਅਫ਼ਸੋਸ ਹੈ।’’

ਇਸੇ ਤਰ੍ਹਾਂ ਏਅਰ ਇੰਡੀਆ ਨੇ ਵੀ X ’ਤੇ ਇੱਕ ਪੋਸਟ ਵਿੱਚ ਕਿਹਾ, ‘‘ਸੰਘਣੀ ਧੁੰਦ ਕਾਰਨ ਮਾੜੀ ਦ੍ਰਿਸ਼ਟੀ ਦਿੱਲੀ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਉਡਾਣ ਸੰਚਾਲਨ ਨੂੰ ਪ੍ਰਭਾਵਤ ਕਰ ਰਹੀ ਹੈ। ਕਿਰਪਾ ਕਰਕੇ ਹਵਾਈ ਅੱਡੇ 'ਤੇ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਲਵੋ।’’

Posted By: Daily Suraj Bureau

Latest News