ਸਕੂਲਾਂ ਨੂੰ ਮਿਲੀਆਂ ਧਮਕੀ ਭਰੀਆਂ ਈਮੇਲਾਂ ‘ਤੇ ਪੁਲੀਸ ਦੀ ਤੁਰੰਤ ਕਾਰਵਾਈ
ਬਰਨਾਲਾ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਛੇ ਨਿੱਜੀ ਸਕੂਲਾਂ ਨੂੰ ਧਮਕੀ ਭਰੀਆਂ ਈਮੇਲਾਂ ਪ੍ਰਾਪਤ ਹੋਈਆਂ। ਘਟਨਾ ਤੋਂ ਬਾਅਦ ਪੁਲੀਸ ਅਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ। ਹਾਲਾਂਕਿ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਇਹ ਈਮੇਲਾਂ ਅਫ਼ਵਾਹ ਸਾਬਤ ਹੋਈਆਂ ਹਨ। ਸੂਤਰਾਂ ਮੁਤਾਬਕ, ਸ਼ੁਰੂ ਵਿੱਚ ਇੱਕ ਸਕੂਲ ਨੂੰ ਮਿਲੀ ਈਮੇਲ ਵਿੱਚ ਤਿੰਨ ਸਕੂਲਾਂ ਦੇ ਨਾਮ ਦਰਜ ਸਨ। ਇਸ ਤੋਂ ਬਾਅਦ ਸਾਈਬਰ ਸੈੱਲ ਨੂੰ ਇੱਕ ਹੋਰ ਈਮੇਲ ਪ੍ਰਾਪਤ ਹੋਈ, ਜਿਸ ਵਿੱਚ ਤਿੰਨ ਹੋਰ ਸਕੂਲਾਂ ਦਾ ਜ਼ਿਕਰ ਸੀ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਅਤੇ ਇਮਾਰਤਾਂ ਦੀ ਜਾਂਚ ਕੀਤੀ ਗਈ। ਬਰਨਾਲਾ ਦੇ ਐੱਸਐੱਸਪੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਕੁੱਲ ਛੇ ਸਕੂਲਾਂ ਦੇ ਨਾਮ ਈਮੇਲਾਂ ਵਿੱਚ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਇੱਕ ਭਦੌੜ ਇਲਾਕੇ ਨਾਲ ਸੰਬੰਧਿਤ ਸੀ। ਉਨ੍ਹਾਂ ਕਿਹਾ ਕਿ ਪੁਲੀਸ ਟੀਮਾਂ ਵੱਲੋਂ ਹਰ ਸਕੂਲ ਦੀ ਤਲਾਸ਼ੀ ਲਈ ਗਈ, ਪਰ ਕਿਸੇ ਵੀ ਥਾਂ ਤੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਉਨ੍ਹਾਂ ਹੋਰ ਦੱਸਿਆ ਕਿ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਈਮੇਲ ਭੇਜਣ ਵਾਲੇ ਨੇ ਆਪਣੀ ਪਛਾਣ ਲੁਕਾਉਣ ਲਈ ਗੁਪਤ ਆਈਪੀ ਐਡਰੈੱਸ ਦੀ ਵਰਤੋਂ ਕੀਤੀ। ਈਮੇਲਾਂ ਵਿੱਚ ਖਾਲਿਸਤਾਨ ਦਾ ਜ਼ਿਕਰ ਕਰਕੇ ਲੋਕਾਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੌਰਾਨ ਬਰਨਾਲਾ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਐੱਸਐੱਸਪੀ ਨਾਲ ਮਿਲ ਕੇ ਪ੍ਰਭਾਵਿਤ ਸਕੂਲਾਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਹਾਲਾਤ ਪੂਰੀ ਤਰ੍ਹਾਂ ਕਾਬੂ ਵਿੱਚ ਹਨ। ਇਸੇ ਤਰ੍ਹਾਂ, ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਵੀ ਵੀਰਵਾਰ ਸਵੇਰੇ ਧਮਕੀ ਭਰੀਆਂ ਈਮੇਲਾਂ ਮਿਲੀਆਂ। ਸੂਚਨਾ ਮਿਲਣ ਨਾਲ ਹੀ ਪੁਲੀਸ, ਬੰਬ ਨਿਰੋਧਕ ਦਸਤਾ ਅਤੇ ਫਾਇਰ ਬ੍ਰਿਗੇਡ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਥਾਂ ਤੋਂ ਕੋਈ ਖ਼ਤਰਨਾਕ ਸਮੱਗਰੀ ਨਹੀਂ ਮਿਲੀ ਅਤੇ ਸਾਰੇ ਇਲਾਕਿਆਂ ਨੂੰ ਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਅਨੁਸਾਰ, ਈਮੇਲਾਂ ਵਿੱਚ ਭੜਕਾਊ ਸਮੱਗਰੀ ਸ਼ਾਮਲ ਸੀ, ਜਿਸਦਾ ਮਕਸਦ ਲੋਕਾਂ ਵਿੱਚ ਡਰ ਅਤੇ ਅਸਥਿਰਤਾ ਪੈਦਾ ਕਰਨਾ ਸੀ। ਇਹ ਵੀ ਯਾਦ ਰਹੇ ਕਿ ਇਸ ਤੋਂ ਪਹਿਲਾਂ 7 ਅਪ੍ਰੈਲ ਨੂੰ ਵੀ ਚੰਡੀਗੜ੍ਹ ਦੇ ਕਈ ਪ੍ਰਸਿੱਧ ਸਕੂਲਾਂ ਨੂੰ ਅਜਿਹੀਆਂ ਹੀ ਧਮਕੀ ਭਰੀਆਂ ਈਮੇਲਾਂ ਮਿਲੀਆਂ ਸਨ, ਜੋ ਬਾਅਦ ਵਿੱਚ ਝੂਠੀ ਸਾਬਤ ਹੋਈਆਂ ਸਨ। ਉਸ ਸਮੇਂ ਸੇਂਟ ਸਟੀਫਨ ਸਕੂਲ (ਸੈਕਟਰ 45), ਸਰਕਾਰੀ ਮਾਡਲ ਸਕੂਲ (ਸੈਕਟਰ 35), ਸ਼ਿਵਾਲਿਕ ਪਬਲਿਕ ਸਕੂਲ (ਸੈਕਟਰ 41) ਅਤੇ ਰਿਆਨ ਇੰਟਰਨੈਸ਼ਨਲ ਸਕੂਲ (ਸੈਕਟਰ 49) ਸਮੇਤ ਕਈ ਸੰਸਥਾਵਾਂ ਨੂੰ ਅਣਪਛਾਤੀ ਆਈਡੀ ਤੋਂ ਮੇਲ ਭੇਜ ਕੇ ਗ੍ਰਨੇਡ ਹਮਲੇ ਅਤੇ ਬੰਬ ਧਮਾਕਿਆਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾ ਰਹੇ ਹਨ।
Posted By: Daily Suraj Bureau