ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ
985 ਗ੍ਰਾਮ ਆਈਸ ਡਰੱਗ ਅਤੇ 2 ਨਾਜਾਇਜ਼ ਪਿਸਟਲਾਂ ਸਮੇਤ 2 ਦੋਸ਼ੀ ਗ੍ਰਿਫਤਾਰ
ਅੰਮ੍ਰਿਤਸਰ, 31 ਦਸੰਬਰ (ਆਰ.ਕੇ. ਸੋਨੀ) –
ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਮਾਣਯੋਗ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਸੁਹੇਲ ਮੀਰ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਸ਼੍ਰੀ ਯਾਦਵਿੰਦਰ ਸਿੰਘ ਡੀ.ਐਸ.ਪੀ. ਅਟਾਰੀ ਦੀ ਅਗਵਾਈ ਹੇਠ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪਹਿਲੀ ਕਾਰਵਾਈ ਦੌਰਾਨ ਥਾਣਾ ਘਰਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਮਨਜਿੰਦਰ ਸਿੰਘ ਉਰਫ਼ ਤੋਤੀ, ਵਾਸੀ ਪਿੰਡ ਭੰਡਿਆਰ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਢੋਡੀਵਿੰਡ ਮੋੜ ਤੋਂ ਮਨਜਿੰਦਰ ਸਿੰਘ ਉਰਫ਼ ਤੋਤੀ ਨੂੰ 985 ਗ੍ਰਾਮ ਆਈਸ ਡਰੱਗ (ਮੇਥਾਮਫੇਟਾਮਾਈਨ) ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਘਰਿੰਡਾ ਵਿਖੇ ਮੁਕੱਦਮਾ ਨੰਬਰ 422 ਮਿਤੀ 30.12.2025, ਜੁਰਮ 22-ਸੀ/61/85 ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਦੂਜੀ ਕਾਰਵਾਈ ਦੌਰਾਨ ਥਾਣਾ ਕੰਬੋਅ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਜਸਕੀਰਤ ਸਿੰਘ ਉਰਫ਼ ਲਾਲਾ, ਵਾਸੀ ਬੱਲ ਖੁਰਦ, ਕੋਲ ਨਾਜਾਇਜ਼ ਅਸਲਾ ਮੌਜੂਦ ਹੈ। ਇਸ ‘ਤੇ ਪੁਲਿਸ ਵੱਲੋਂ ਉਸ ਦੇ ਘਰ ਛਾਪਾ ਮਾਰਿਆ ਗਿਆ, ਜਿੱਥੋਂ 2 ਪਿਸਟਲ 32 ਬੋਰ, 2 ਮੈਗਜ਼ੀਨ ਅਤੇ 2 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਕੰਬੋਅ ਵਿਖੇ ਮੁਕੱਦਮਾ ਨੰਬਰ 252 ਮਿਤੀ 30.12.2025, ਜੁਰਮ 25/54/59 ਅਸਲਾ ਐਕਟ ਤਹਿਤ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਹੋਰ ਕਿਸੇ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Posted By: Daily Suraj Bureau