ਨਿਖਿਲ ਗੁਪਤਾ ਨੇ ਅੰਡਰਕਵਰ ਏਜੰਟ ਅੱਗੇ ਕੀਤਾ ਖੁਲਾਸਾ: ਰਿਪੋਰਟ
ਅਮਰੀਕਾ ਵਿੱਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਵਿੱਚ ਭੂਮਿਕਾ ਦਾ ਦੋਸ਼ ਕਬੂਲਣ ਵਾਲੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਮਰੀਕੀ ਡਰੱਗ ਐੱਨਫੋਰਸਮੈਂਟ ਪ੍ਰਸ਼ਾਸਨ (ਡੀ ਈ ਏ) ਦੇ ਅੰਡਰਕਵਰ ਏਜੰਟ ਕੋਲ ਮੰਨਿਆ ਸੀ ਕਿ ਹਰਦੀਪ ਸਿੰਘ ਨਿੱਝਰ ਵੀ ‘ਨਿਸ਼ਾਨੇ’ ਉੱਤੇ ਸੀ। ਗੁਪਤਾ ਨੇ ਇਹ ਦਾਅਵਾ ਨਿੱਝਰ ਦੀ ਕੈਨੇਡਾ ਵਿੱਚ ਅਣਪਛਾਤੇ ਹਥਿਆਰਬੰਦਾਂ ਵੱਲੋਂ ਹੱਤਿਆ ਤੋਂ ਇਕ ਦਿਨ ਬਾਅਦ ਕੀਤਾ ਸੀ। ਕੈਨੇਡੀਅਨ ਨਾਗਰਿਕ ਨਿੱਝਰ ਨੂੰ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗੁਰਦੁਆਰੇ ਦੀ ਪਾਰਕਿੰਗ ’ਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਨਿਆਂ ਵਿਭਾਗ ਨੇ ਕੋਰਟ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਕਿ ਨਿੱਝਰ ਦੇ ਕਤਲ ਤੋਂ ਅਗਲੇ ਦਿਨ 19 ਜੂਨ 2023 ਨੂੰ ਗੁਪਤਾ ਨੇ ਅੰਡਰਕਵਰ ਕੋਲ ਉਪਰੋਕਤ ਗੱਲ ਕਬੂਲੀ ਸੀ। ਨਿਆਂ ਵਿਭਾਗ ਨੇ ਕਿਹਾ ਕਿ ਨਿੱਝਰ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸ ਐੱਫ ਜੇ) ਦੇ ਮੁਖੀ ਪੰਨੂ ਦਾ ਨੇੜਲਾ ਸਾਥੀ ਸੀ। ਅਮਰੀਕੀ ਵਕੀਲਾਂ ਅਨੁਸਾਰ ਗੁਪਤਾ ਨੇ ਅੰਡਰਕਵਰ ਏਜੰਟ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਜੂਨ 2023 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਫੇਰੀ ਮੌਕੇ ਪੰਨੂ ਦੀ ਹੱਤਿਆ ਨੂੰ ਅੰਜਾਮ ਨਾ ਦੇਵੇ। ਨਿਆਂ ਵਿਭਾਗ ਨੇ ਦੋਸ਼ ਲਗਾਇਆ ਹੈ ਕਿ ਗੁਪਤਾ ਨੇ ਭਾਰਤ ਅਤੇ ਕੇਸ ਦੇ ਸਹਿ ਮੁਲਜ਼ਮ ਵਿਕਾਸ ਯਾਦਵ ਸਣੇ ਹੋਰਨਾਂ ਨਾਲ ਮਿਲ ਕੇ ਕੰਮ ਕੀਤਾ। ਯਾਦਵ ਨੂੰ ਚਾਰਜਸ਼ੀਟ ਵਿੱਚ ਭਾਰਤ ਸਰਕਾਰ ਦੇ ਕੈਬਨਿਟ ਸਕੱਤਰੇਤ ਦਾ ਕਰਮਚਾਰੀ ਦੱਸਿਆ ਗਿਆ ਹੈ, ਜਿਸ ਵਿੱਚ ਦੇਸ਼ ਦੀ ਬਾਹਰੀ ਖੁਫੀਆ ਏਜੰਸੀ, ਖੋਜ ਅਤੇ ਵਿਸ਼ਲੇਸ਼ਣ ਵਿੰਗ ਹੈ। ਦੇ ਨਿਰਦੇਸ਼ਾਂ ’ਤੇ ਗੁਪਤਾ ਨੇ ਨਿਊਯਾਰਕ ਸਿਟੀ ਵਿੱਚ ਭਾੜੇ ’ਤੇ ਕਤਲ ਦਾ ਪ੍ਰਬੰਧ ਕਰਨ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਜਿਸ ਨੂੰ ਉਹ ਅਪਰਾਧਿਕ ਸਹਿਯੋਗੀ ਮੰਨਦਾ ਸੀ। ਉਹ ਵਿਅਕਤੀ ਅਸਲ ਵਿੱਚ ਡੀ ਈ ਏ ਨਾਲ ਕੰਮ ਕਰਨ ਵਾਲਾ ਗੁਪਤ ਸਰੋਤ ਸੀ। ਉਸ ਨੇ ਗੁਪਤਾ ਨੂੰ ਕਥਿਤ ਹਿੱਟਮੈਨ, ਜੋ ਅੰਡਰਕਵਰ ਡੀ ਈ ਏ ਅਧਿਕਾਰੀ ਸੀ, ਨਾਲ ਮਿਲਾਇਆ ਸੀ। ਅਮਰੀਕੀ ਅਧਿਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਯਾਦਵ ਨੇ ਗੁਪਤਾ ਰਾਹੀਂ ਕਤਲ ਲਈ 1,00,000 ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਸੀ ਅਤੇ ਜੂਨ 2023 ਵਿੱਚ ਐਡਵਾਂਸ ਵਜੋਂ 15,000 ਡਾਲਰ ਨਕਦ ਦੀ ਅਦਾਇਗੀ ਕੀਤੀ ਗਈ। ਤਫ਼ਤੀਸ਼ਕਾਰਾਂ ਦਾ ਕਹਿਣਾ ਹੈ ਕਿ ਅੰਡਰਕਵਰ ਏਜੰਟ ਨੂੰ ਸੰਭਾਵੀ ਨਿਸ਼ਾਨੇ ਦੇ ਨਿੱਜੀ ਵੇਰਵੇ; ਜਿਸ ਵਿੱਚ ਘਰ ਦਾ ਪਤਾ, ਫੋਨ ਨੰਬਰ ਅਤੇ ਰੋਜ਼ਾਨਾ ਦੀਆਂ ਸਰਗਰਮੀਆਂ ਸ਼ਾਮਲ ਹਨ, ਦੇ ਨਾਲ ਸਮੇਂ-ਸਮੇਂ ’ਤੇ ਅਪਡੇਟਸ ਅਤੇ ਨਿਗਰਾਨੀ ਫੋਟੋਆਂ ਵੀ ਮੁਹੱਈਆ ਕੀਤੀਆਂ ਗਈਆਂ। ਨਿਖਿਲ ਗੁਪਤਾ ਨੂੰ 30 ਜੂਨ, 2023 ਨੂੰ ਚੈੱਕ ਗਣਰਾਜ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮਗਰੋਂ ਅਮਰੀਕਾ ਦੇ ਸਪੁਰਦ ਕਰ ਦਿੱਤਾ ਗਿਆ। ਗੁਪਤਾ ਨੇ ਲੰਘੇ ਦਿਨੀਂ ਅਮਰੀਕੀ ਕੋਰਟ ਵਿੱਚ ਇਸ ਮਾਮਲੇ ’ਚ ਦੋਸ਼ ਕਬੂਲ ਕੀਤੇ ਹਨ।
Posted By: Daily Suraj Bureau