ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ: ਜੱਗੂ ਭਗਵਾਨਪੁਰੀਆ ਗੈਂਗ ਦਾ ਮੁੱਖ ਗੈਂਗਸਟਰ ਅੰਮ੍ਰਿਤ ਦਾਲਮ ਮਾਲਦੋਵਾ ਤੋਂ ਭਾਰਤ ਡਿਪੋਰਟ
ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ ਅਤੇ ਗੈਂਗਸਟਰ ਨੈੱਟਵਰਕ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਜੱਗੂ ਭਗਵਾਨਪੁਰੀਆ ਗੈਂਗ ਦੇ ਮੁੱਖ ਫਰੰਟਮੈਨ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਉਰਫ਼ ਗੁਰਪਾਲ ਸਿੰਘ ਨੂੰ ਯੂਰਪੀ ਦੇਸ਼ ਮਾਲਦੋਵਾ (Moldova) ਤੋਂ ਭਾਰਤ ਲਿਆ ਕੇ ਗ੍ਰਿਫ਼ਤਾਰ ਕਰ ਲਿਆ ਹੈ। ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਅਧੀਨ ਪੈਂਦੇ ਪਿੰਡ ਦਾਲਮ ਨੰਗਲ ਦੇ ਰਹਿਣ ਵਾਲੇ 27 ਸਾਲਾ ਅੰਮ੍ਰਿਤ ਦਾਲਮ ਵਿਰੁੱਧ ਸਾਲ 2019 ਤੋਂ 2025 ਦਰਮਿਆਨ ਪੰਜਾਬ ਦੇ ਚਾਰ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ 21 ਗੰਭੀਰ ਐਫ਼.ਆਈ.ਆਰ. (FIRs) ਦਰਜ ਹਨ। ਪੁਲਿਸ ਰਿਕਾਰਡ ਅਨੁਸਾਰ ਹੀਰਾ ਸਿੰਘ ਅਤੇ ਹਰਜਿੰਦਰ ਕੌਰ ਦੇ ਪੁੱਤਰ ਅੰਮ੍ਰਿਤ ਦਾਲਮ ਨੇ ਕੋਟਲੀ ਸੂਰਤ ਮੱਲੀ ਤੋਂ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ। ਉਸ ਦੇ ਪਰਿਵਾਰ ਵਿੱਚ ਦੋ ਭਰਾ ਅਤੇ ਇੱਕ ਭੈਣ ਹਨ। ਹੈਰਾਨੀ ਦੀ ਗੱਲ ਹੈ ਕਿ ਜਿੱਥੇ ਉਸ ਦਾ ਇੱਕ ਭਰਾ ਪ੍ਰਭਜੋਤ ਸਿੰਘ ਸੀ.ਆਰ.ਪੀ.ਐਫ਼. (CRPF) ਵਿੱਚ ਜਵਾਨ ਵਜੋਂ ਦੇਸ਼ ਦੀ ਸੇਵਾ ਕਰ ਰਿਹਾ ਹੈ, ਉੱਥੇ ਹੀ ਅੰਮ੍ਰਿਤ ਦਾਲਮ ਨੇ ਅਪਰਾਧ ਦੀ ਦੁਨੀਆ ਦਾ ਰਾਹ ਚੁਣਿਆ। ਉਸ ਦਾ ਦੂਜਾ ਭਰਾ ਅਮਨਜੋਤ ਸਿੰਘ ਉਰਫ਼ ਅੰਮੂ ਵੀ ਪੁਲਿਸ ਰਿਕਾਰਡ ਵਿੱਚ ਮਾੜੇ ਅਕਸ ਵਾਲਾ ਦਰਜ ਹੈ। ਅੰਮ੍ਰਿਤ ਦਾਲਮ ਨੇ ਜੱਗੂ ਭਗਵਾਨਪੁਰੀਆ ਗੈਂਗਸਟਰ ਨੈੱਟਵਰਕ ਵਿੱਚ ਤੇਜ਼ੀ ਨਾਲ ਆਪਣੀ ਜਗ੍ਹਾ ਬਣਾਈ ਅਤੇ 7 ਕਤਲਾਂ ਦੇ ਮਾਮਲਿਆਂ ਸਮੇਤ ਫਿਰੌਤੀ, ਨਸ਼ਾ ਤਸਕਰੀ, ਹਥਿਆਰਾਂ ਦੀ ਸਮੱਗਲਿੰਗ ਅਤੇ ਪੁਲਿਸ ਟੀਮਾਂ 'ਤੇ ਹਮਲੇ ਵਰਗੇ ਸੰਗੀਨ ਅਪਰਾਧਾਂ ਵਿੱਚ ਨਾਮਜ਼ਦ ਹੋਇਆ। ਉਸ ਦਾ ਅਪਰਾਧਿਕ ਪਿਛੋਕੜ 2019 ਵਿੱਚ ਥਾਣਾ ਕੋਟਲੀ ਸੂਰਤ ਮੱਲੀ ਵਿਖੇ ਕਤਲ (ਧਾਰਾ 302), ਇਰਾਦਾ-ਏ-ਕਤਲ, ਸਾਜ਼ਿਸ਼ ਅਤੇ ਅਸਲਾ ਐਕਟ ਤਹਿਤ ਦਰਜ ਹੋਈ ਪਹਿਲੀ ਐਫ਼.ਆਈ.ਆਰ. ਤੋਂ ਸ਼ੁਰੂ ਹੋਇਆ ਸੀ। ਉਸ ਵਿਰੁੱਧ ਆਈ.ਪੀ.ਸੀ. (IPC), ਭਾਰਤੀ ਨਿਆਂ ਸੰਹਿਤਾ (BNS), ਐੱਨ.ਡੀ.ਪੀ.ਐੱਸ. (NDPS) ਐਕਟ, ਆਰਮਜ਼ ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਯੂ.ਏ.ਪੀ.ਏ. (UAPA) ਦੀਆਂ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਹਨ। ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਉਸ ਵਿਰੁੱਧ ਕਈ ਪਰਚੇ ਦਰਜ ਹਨ। ਪੁਲਿਸ ਅਨੁਸਾਰ ਸਤੰਬਰ 2025 ਵਿੱਚ ਅੰਮ੍ਰਿਤਸਰ ਦੇ ਛੇਹਰਟਾ, ਅਕਤੂਬਰ 2025 ਵਿੱਚ ਸਿਟੀ ਬਟਾਲਾ ਅਤੇ ਨਵੰਬਰ 2025 ਵਿੱਚ ਸਿਵਲ ਲਾਈਨਜ਼ ਬਟਾਲਾ ਵਿਖੇ ਬੀ.ਐੱਨ.ਐੱਸ. ਦੀ ਧਾਰਾ 103 (ਕਤਲ) ਤਹਿਤ ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਗੁਰਦਾਸਪੁਰ ਦੇ ਕਲਾਨੌਰ ਵਿੱਚ ਗੈਂਗਵਾਰ ਨਾਲ ਸਬੰਧਤ ਇਰਾਦਾ-ਏ-ਕਤਲ ਦੇ ਕੇਸ ਵੀ ਦਰਜ ਹਨ, ਜਦਕਿ ਸਭ ਤੋਂ ਤਾਜ਼ਾ ਮਾਮਲਾ ਦਸੰਬਰ 2025 ਵਿੱਚ ਲੁਧਿਆਣਾ ਦੇ ਡਿਵੀਜ਼ਨ ਨੰਬਰ 7 ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਇੰਟਰਪੋਲ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਅੰਮ੍ਰਿਤ ਦਾਲਮ ਫਰਜ਼ੀ ਵੇਰਵਿਆਂ ਦੇ ਆਧਾਰ 'ਤੇ ਬਣਵਾਏ ਪਾਸਪੋਰਟ ਰਾਹੀਂ ਵਿਦੇਸ਼ ਭੱਜ ਗਿਆ ਸੀ। ਉਸ ਨੇ ਹਰਿਆਣਾ ਦੇ ਕੁਰੂਕਸ਼ੇਤਰ ਦੇ ਵਰਡ-20, ਗੁਰਦੇਵ ਨਗਰ ਦੇ ਰਹਿਣ ਵਾਲੇ ਗੁਰਪਾਲ ਸਿੰਘ ਦੇ ਨਾਂ 'ਤੇ ਝੂਠੀ ਪਛਾਣ ਬਣਾਈ ਹੋਈ ਸੀ। ਮਾਲਦੋਵਾ ਵਿੱਚ ਉਸ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦਿਆਂ ਉਸ ਦੀ ਭਾਰਤ ਹਵਾਲਗੀ ਕਰਵਾਈ। ਪੁਲਿਸ ਅਧਿਕਾਰੀਆਂ ਮੁਤਾਬਕ ਅੰਮ੍ਰਿਤ ਦਾਲਮ ਦੀ ਇਹ ਗ੍ਰਿਫ਼ਤਾਰੀ ਜੱਗੂ ਭਗਵਾਨਪੁਰੀਆ ਨੈੱਟਵਰਕ ਨੂੰ ਤੋੜਨ ਲਈ ਇੱਕ ਬਹੁਤ ਵੱਡੀ ਅਤੇ ਨਿਰਣਾਇਕ ਸਫ਼ਲਤਾ ਹੈ।
Posted By: Daily Suraj Bureau