Daily Suraj

ਪੰਜਾਬੀ

ਭਾਰਤ-ਮਲੇਸ਼ੀਆ ਦੋਸਤੀ ਨੂੰ ਨਵੀਂ ਦਿਸ਼ਾ ਦੇਣ ਦੀ ਗੱਲ

09 Feb, 2026 10:03 AM

ਅਤਿਵਾਦ ਨਾਲ ਕੋਈ ਸਮਝੌਤਾ ਨਾ ਕਰਨ ਦਾ ਰੁਖ਼ ਸਪੱਸ਼ਟ ਕੀਤਾ; ਦੁਵੱਲੇ ਸਬੰਧ ਮਜ਼ਬੂਤ ਕਰਨ ਦਾ ਅਹਿਦ; ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ ਤੇ ਸਥਿਰਤਾ ਲਈ ਵਚਨਬੱਧਤਾ ਦੁਹਰਾਈ ਭਾਰਤ ਅਤੇ ਮਲੇਸ਼ੀਆ ਨੇ ਵਪਾਰ ਤੇ ਨਿਵੇਸ਼, ਰੱਖਿਆ, ਊਰਜਾ, ਨਿਰਮਾਣ ਅਤੇ ਸੈਮੀਕੰਡਕਟਰ ਅਤੇ ਉੱਚ ਤਰਜੀਹ ਵਾਲੇ ਖੇਤਰਾਂ ’ਚ ਆਪਣੇ ਸਬੰਧ ਮਜ਼ਬੂਤ ਕਰਨ ਦਾ ਅਹਿਦ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵੇਂ ਧਿਰਾਂ ਹਿੰਦ-ਪ੍ਰਸ਼ਾਂਤ ਖੇਤਰ ’ਚ ਸ਼ਾਂਤੀ ਤੇ ਸਥਿਰਤਾ ਲਈ ਵਚਨਬੱਧ ਹਨ। ਪ੍ਰਧਾਨ ਮੰਤਰੀ ਅੱਜ ਮਲੇਸ਼ੀਆ ਦੀ ਦੋ ਰੋਜ਼ਾ ਯਾਤਰਾ ਮੁਕੰਮਲ ਕਰ ਕੇ ਭਾਰਤ ਰਵਾਨਾ ਹੋ ਗਏ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਵਾਰਤਾ ਤੋਂ ਬਾਅਦ ਸ੍ਰੀ ਮੋਦੀ ਨੇ ਅਤਿਵਾਦ ਨਾਲ ਨਜਿੱਠਣ ਦੇ ਮੁੱਦੇ ’ਤੇ ਭਾਰਤ ਦਾ ਰੁਖ਼ ਦੁਹਰਾਉਂਦਿਆਂ ਕਿਹਾ, ‘‘ਅਤਿਵਾਦ ’ਤੇ ਸਾਡਾ ਸੁਨੇਹਾ ਸਪੱਸ਼ਟ ਹੈ; ਸਾਡਾ ਕੋਈ ਦੋਹਰਾ ਪੈਮਾਨਾ ਨਹੀਂ, ਕੋਈ ਸਮਝੌਤਾ ਨਹੀਂ।’’ ਦੋਵੇਂ ਧਿਰਾਂ ਨੇ ਸੈਮੀਕੰਡਕਟਰ ਖੇਤਰ ’ਚ ਡੂੰਘੀ ਭਾਈਵਾਲੀ ਲਈ ਰੂਪਰੇਖਾ ਸਮਝੌਤੇ ਸਮੇਤ ਕਈ ਅਹਿਮ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਕੁੱਲ 11 ਸਮਝੌਤਿਆਂ ਤੇ ਦਸਤਾਵੇਜ਼ਾਂ ’ਤੇ ਦਸਤਖ਼ਤ ਕੀਤੇ। ਉਨ੍ਹਾਂ ਭਾਰਤ-ਮਲੇਸ਼ੀਆ ਸਬੰਧਾਂ ਨੂੰ ‘ਖਾਸ’ ਦਸਦਿਆਂ ਕਿਹਾ, ‘‘ਅਸੀਂ ਰਣਨੀਤਕ ਭਰੋਸੇ ਰਾਹੀਂ ਆਰਥਿਕ ਤਬਦੀਲੀ ਦਾ ਰਾਹ ਪੱਧਰਾ ਕਰਾਂਗੇ। ਅਸੀਂ ਸਮੁੰਦਰੀ ਗੁਆਂਢੀ ਹਾਂ। ਸਦੀਆਂ ਤੋਂ ਦੋਵਾਂ ਮੁਲਕਾਂ ਦਰਮਿਆਨ ਡੂੰਘੇ ਤੇ ਪਿਆਰ ਭਰੇ ਸਬੰਧ ਰਹੇ ਹਨ।’’ ਉਨ੍ਹਾਂ ਮਲੇਸ਼ੀਆ ’ਚ ਭਾਰਤੀ ਕੌਂਸਲੇਟ ਸਥਾਪਤ ਕਰਨ ਦੇ ਭਾਰਤ ਦੇ ਫ਼ੈਸਲੇ ਦਾ ਵੀ ਐਲਾਨ ਕੀਤਾ। ਭਾਰਤੀ ਮੂਲ ਦੀਆਂ ਹਸਤੀਆਂ ਨਾਲ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਲੇਸ਼ੀਆ ਦੇ ਭਾਰਤੀ ਮੂਲ ਦੇ ਮੰਤਰੀਆਂ, ਸੰਸਦ ਮੈਂਬਰਾਂ, ਸੈਨੇਟਰਾਂ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਉਨ੍ਹਾਂ ਦੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ, ‘‘ਸਨਮਾਨਿਤ ਮੰਤਰੀਆਂ ਤੇ ਸੈਨੇਟਰਾਂ ਸਣੇ ਭਾਰਤੀ ਮੂਲ ਦੇ ਆਗੂਆਂ ਨਾਲ ਸ਼ਾਨਦਾਰ ਗੱਲਬਾਤ ਹੋਈ। ਭਾਰਤ ਪ੍ਰਤੀ ਉਨ੍ਹਾਂ ਦਾ ਡੂੰਘਾ ਜਜ਼ਬਾਤੀ ਰਿਸ਼ਤਾ ਸਪੱਸ਼ਟ ਦਿਖਾਈ ਦਿੰਦਾ ਹੈ। ਜਨਤਕ ਜ਼ਿੰਦਗੀ ’ਚ ਭਾਰਤੀ ਮੂਲ ਦੇ ਵਿਅਕਤੀਆਂ ਦੀਆਂ ਪ੍ਰਾਪਤੀਆਂ ਸਾਰਿਆਂ ਲਈ ਵੱਡੇ ਮਾਣ ਵਾਲੀ ਗੱਲ ਹੈ।’’

Posted By: Daily Suraj Bureau

Latest News