ਇਲਾਹਾਬਾਦ ਯੂਨੀਵਰਸਿਟੀ 'ਚ ਵਿਦਿਆਰਥੀਆਂ ਦਾ ਹੰਗਾਮਾ, ਪੁਲਸ ਦੀ ਜੀਪ ਅਤੇ ਬਾਈਕ ਨੂੰ ਸਾੜਿਆ

Gurjeet Singh

5

June

2018

ਇਲਾਹਾਬਾਦ— ਇਲਾਹਾਬਾਦ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਹੰਗਾਮਾ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਪੁਲਸ ਦੀ ਇਕ ਬਾਈਕ, ਰੋਡਵੇਜ਼ ਬੱਸ ਅਤੇ ਜੀਪ ਨੂੰ ਅੱਗ ਲਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਹੋਸਟਲ ਨੂੰ ਖਾਲੀ ਕਰਵਾਏ ਜਾਣ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ। ਇਸ ਮਾਮਲੇ 'ਚ ਕਈ ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸਾਰਿਆਂ ਖਿਲਾਫ ਪੁਲਸ ਮੁਕੱਦਮਾ ਦਰਜ ਕਰਨ ਦੀ ਤਿਆਰੀ 'ਚ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਾਫ ਕੀਤਾ ਗਿਆ ਹੈ ਕਿ ਹੰਗਾਮਾ ਕਰਨ ਵਾਲੇ ਵਿਦਿਆਰਥੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੁਲਸ ਮੁਤਾਬਕ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੋਸਟਲ ਦੇ ਕੁਝ ਵਿਦਿਆਰਥੀਆਂ ਨੂੰ ਕਮਰੇ ਖਾਲੀ ਕਰਨ ਦਾ ਨੋਟਿਸ ਭੇਜਿਆ ਸੀ। ਇਸੀ ਨੂੰ ਲੈ ਕੇ ਵਿਦਿਆਰਥੀ ਵਿਰੋਧ ਕਰ ਰਹੇ ਸਨ, ਜਿਸ ਕਰਕੇ ਉਨ੍ਹਾਂ ਨੇ ਹੰਗਾਮਾ ਅਤੇ ਆਗਜ਼ਨੀ ਕੀਤੀ। ਜਾਣਕਾਰੀ ਮੁਤਾਬਕ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੋਸਟਲ ਖਾਲੀ ਕਰਵਾਏ ਜਾਣ ਦਾ ਫੈਸਲਾ ਕੀਤਾ ਹੈ। ਇਸ ਨੂੰ ਲੈ ਕੇ 12 ਜੂਨ ਤੋਂ ਕਾਰਵਾਈ ਸ਼ੁਰੂ ਹੋਣੀ ਹੈ। ਇਸ ਵਿਚਕਾਰ ਹੋਸਟਲ ਨੂੰ ਖਾਲੀ ਕਰਵਾਏ ਜਾਣ ਦੇ ਫੈਸਲੇ ਦੇ ਵਿਰੋਧ 'ਚ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਦੀ ਪੁਲਸ ਨਾਲ ਝੜਪ ਹੋ ਗਈ। ਦੇਖਦੇ ਹੀ ਦੇਖਦੇ ਵਿਰੋਧ ਪ੍ਰਦਰਸ਼ਨ ਆਗਜ਼ਨੀ 'ਚ ਬਦਲ ਗਿਆ। ਇਸ ਦੇ ਬਾਅਦ ਵਿਦਿਆਰਥੀਆਂ ਨੇ ਪੁਲਸ ਦੀ ਜੀਪ ਅਤੇ ਇਕ ਬਾਈਕ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਲਾਠੀਚਾਰਜ ਕਰਕੇ ਵਿਦਿਆਰਥੀਆਂ ਨੂੰ ਭਜਾਇਆ ਤਾਂ ਗੁੱਸੇ 'ਚ ਆਏ ਵਿਦਿਆਰਥੀਆਂ ਨੇ ਹਿੰਦੂ ਹੋਸਟਲ ਦੇ ਬਾਹਰ ਰੋਡਵੇਜ਼ ਬੱਸ ਨੂੰ ਖਾਲੀ ਕਰਵਾ ਕੇ ਉਸ 'ਚ ਅੱਗ ਲਗਾ ਦਿੱਤੀ। ਮੌਕੇ 'ਤੇ ਪੁੱਜੀ ਫਾਇਰ ਬਿਗ੍ਰੇਡ ਨੇ ਅੱਗ 'ਤੇ ਕਿਸੇ ਤਰ੍ਹਾਂ ਕਾਬੂ ਪਾਇਆ।

More Leatest Stories