ਸਰਹੱਦ ਪਾਰ ਦੀ ਗੋਲੀਬਾਰੀ 'ਚ ਬੱਚੇ ਦੀ ਮੌਤ, ਰਾਜਨਾਥ ਨੇ ਦਿੱਤੀ ਪਾਕਿਸਤਾਨ ਨੂੰ ਚਿਤਾਵਨੀ

Gurjeet Singh

22

May

2018

ਨਵੀਂ ਦਿੱਲੀ— ਜੰਮੂ-ਕਸ਼ਮੀਰ 'ਚ ਸਰਹੱਦ ਪਾਰ ਤੋਂ ਪਾਕਿਸਤਾਨੀ ਫੌਜ ਦੀ ਨਾਪਾਕ ਫਾਇਰਿੰਗ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ। ਗ੍ਰਹਿ ਮੰਤਰੀ ਨੇ ਬੀ.ਐਸ.ਐਫ. ਜਵਾਨਾਂ ਨੂੰ ਗੋਲੀਬਾਰੀ ਦਾ ਸਹੀ ਜਵਾਬ ਦੇਣ ਨੂੰ ਕਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਰਹੱਦ 'ਤੇ ਪਾਕਿਸਤਾਨੀ ਫੌਜ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕਰ ਰਹੀ ਹੈ। ਮੰਗਲਵਾਰ ਨੂੰ ਇਸ ਗੋਲੀਬਾਰੀ 'ਚ ਇਕ 8 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਸੀ, ਉਥੇ ਸੋਮਵਾਰ ਨੂੰ ਜ਼ਖਮੀ ਹੋਈ ਇਕ ਔਰਤ ਨੇ ਵੀ ਮੰਗਲਵਾਰ ਨੂੰ ਦੰਮ ਤੋੜ ਦਿੱਤਾ ਹੈ। ਪਾਕਿਸਤਾਨ ਦੀ ਇਸ ਨਾਪਾਕ ਹਰਕਤ 'ਤੇ ਭਾਰਤ ਨੇ ਸ਼ਖਤ ਪ੍ਰਤੀਕਿਰਿਆ ਦਿੱਤੀ ਹੈ। ਬੀ.ਐਸ.ਐਫ. ਦੇ ਇਕ ਪ੍ਰੋਗਰਾਮ 'ਚ ਰਾਜਨਾਥ ਸਿੰਘ ਨੇ ਕਿਹਾ ਕਿ ਸਾਡਾ ਗੁਆਂਢੀ ਸ਼ਾਂਤੀ ਨਹੀਂ ਚਾਹੁੰਦਾ ਹੈ। ਅਸੀਂ ਪਹਿਲੀ ਗੋਲੀ ਨਹੀਂ ਚਲਾਵਾਂਗੇ ਪਰ ਗੋਲੀ ਚੱਲਣ 'ਤੇ ਉਸ ਦਾ ਸਹੀ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਗੋਲੀ ਚੱਲਣ 'ਤੇ ਸਾਡੇ ਜਵਾਨਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ। ਜਵਾਬੀ ਕਾਰਵਾਈ 'ਤੇ ਜਵਾਨਾਂ ਤੋਂ ਕੋਈ ਕੁਝ ਨਹੀਂ ਪੁੱਛੇਗਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਹੈ। ਪਹਿਲੀ ਗੋਲੀ ਗੁਆਂਢੀ 'ਤੇ ਨਹੀਂ ਚੱਲਣੀ ਚਾਹੀਦੀ ਪਰ ਜੇਕਰ ਉਧਰੋਂ ਗੋਲੀ ਚੱਲ ਜਾਂਦੀ ਹੈ ਤਾਂ ਕੀ ਕਰਨਾ ਹੈ ਇਸ ਦਾ ਫੈਸਲਾ ਤੁਸੀਂ ਕਰਨਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਜੋ ਕੋਈ ਵੀ ਭਾਰਤ ਵੱਲ ਨਾਪਾਕ ਨਜ਼ਰ ਨਾਲ ਦੇਖੇਗਾ ਤਾਂ ਉਸ ਨੂੰ ਕਰਾਰਾ ਜਵਾਬ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਜੋ ਵੀ ਭਾਰਤ ਵੱਲ ਅੱਖ ਚੁੱਕ ਕੇ ਦੇਖੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸਰਹੱਦ 'ਤੇ ਜਦੋਂ ਗੋਲੀ ਚੱਲਦੀ ਹੈ ਤਾਂ ਜਵਾਨਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ। ਜ਼ਿਕਰਯੋਗ ਹੈ ਕਿ ਬੀ.ਐਸ.ਐਫ. ਨੇ ਪਾਕਿਸਤਾਨੀ ਬੰਕਰਾਂ ਨੂੰ ਨਸ਼ਟ ਕਰਨ ਦਾ ਵੀਡੀਓ ਜਾਰੀ ਕੀਤਾ ਸੀ। ਬੀ.ਐਸ.ਐਫ. ਦੀ ਜਵਾਬੀ ਕਾਰਵਾਈ ਨਾਲ ਘਬਰਾਈ ਪਾਕਿਸਤਾਨੀ ਫੌਜ ਨੇ ਤੁਰੰਤ ਗੋਲੀਬਾਰੀ ਰੋਕਣ ਦੀ ਅਪੀਲ ਕੀਤੀ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਸਰਹੱਦ 'ਤੇ ਪਾਕਿਸਤਾਨ ਲਗਾਤਾਰ ਸੀਜ਼ਫਾਇਰ ਦਾ ਉਲੰਘਣ ਕਰ ਰਿਹਾ ਹੈ। ਸੋਮਵਾਰ ਸਵੇਰੇ ਪਾਕਿਸਤਾਨ ਵਲੋਂ ਹੋਈ ਗੋਲੀਬਾਰੀ 'ਚ ਇਕ ਸਪੈਸ਼ਲ ਪੁਲਸ ਅਧਿਕਾਰੀ ਤੇ ਇਕ ਔਰਤ ਸਣੇ ਪੰਜ ਨਾਗਰਿਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਸੀ। ਔਰਤ ਨੇ ਅੱਜ ਹਸਪਤਾਲ 'ਚ ਦੰਮ ਤੋੜ ਦਿੱਤਾ। ਇਸ ਤਰ੍ਹਾਂ ਪਾਕਿਸਤਾਨ ਦੀ ਗੋਲੀਬਾਰੀ 'ਚ ਮਰਨ ਵਾਲਿਆਂ ਦੀ ਗਿਣਤੀ 2 ਹੋ ਗਈ। ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲੀਬਾਰੀ 'ਚ ਅਰਨਿਆ ਦੇ ਸਾਰੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

More Leatest Stories