ਆਸਟ੍ਰੇਲੀਆ ਨੇ ਜਿਉਂਦੀਆਂ ਭੇਡਾਂ ਦੇ ਨਿਰਯਾਤ ਨਿਯਮ ਕੀਤੇ ਸਖਤ

Gurjeet Singh

17

May

2018

ਸਿਡਨੀ ਆਸਟ੍ਰੇਲੀਆ ਤੋਂ ਪੱਛਮੀ ਏਸ਼ੀਆ ਭੇਜੀਆਂ ਜਾ ਰਹੀਆਂ ਭੇਡਾਂ ਦਾ ਡਰਾਉਣਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਜਿਉਂਦੇ ਪ੍ਰਾਣੀਆਂ ਦੇ ਵਪਾਰ ਦੇ ਸੰਬੰਧ ਵਿਚ ਵਿਆਪਕ ਸੁਧਾਰਾਂ ਦਾ ਮਾਰਗ ਖੁੱਲ੍ਹਿਆ ਹੈ। ਜਹਾਜ਼ ਵਿਚ ਮਰੀਆਂ ਭੇਡਾਂ ਅਤੇ ਦਮ ਤੋੜ ਰਹੀਆਂ ਭੇਡਾਂ ਦਾ ਵੀਡੀਓ ਸਾਹਮਣੇ ਆਉਣ ਦੇ ਬਾਅਦ ਇਸ ਤਰ੍ਹਾਂ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਦੀਆਂ ਮੰਗਾਂ ਉੱਠ ਰਹੀਆਂ ਸਨ। ਹਾਲਾਂਕਿ ਸਰਕਾਰ ਨੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਤੋਂ ਇਨਕਾਰ ਕਰਦੇ ਹੋਏ ਨਿਯਮਾਂ ਨੂੰ ਸਖਤ ਕੀਤਾ ਹੈ। ਬੀਤੇ ਸਾਲ ਬਣਾਏ ਗਏ ਇਸ ਵੀਡੀਓ ਵਿਚ ਦਿਖਾਇਆ ਗਿਆ ਸੀ ਕਿਵੇਂ ਬਹੁਤ ਛੋਟੇ ਕੰਟੇਨਰਾਂ ਵਿਚ ਸਮਰੱਥਾ ਤੋਂ ਜ਼ਿਆਦਾ ਭੇਡਾਂ ਦਾਖਲ ਕੀਤੀਆਂ ਗਈਆਂ ਸਨ। ਕਾਫੀ ਭੇਡਾਂ ਗਰਮੀ ਨਾਲ ਬੇਹਾਲ ਹੋ ਕੇ ਮਰ ਚੁੱਕੀਆਂ ਸਨ ਅਤੇ ਬਹੁਤ ਸਾਰੀਆਂ ਮਰਨ ਕੰਢੇ ਸਨ। ਇਸ ਵੀਡੀਓ ਨੂੰ ਪਸ਼ੂ ਕਾਰਜ ਕਰਤਾਵਾਂ ਨੇ ਅਪ੍ਰੈਲ ਵਿਚ ਜਾਰੀ ਕੀਤਾ ਸੀ। ਇਸ ਮਗਰੋਂ ਆਸਟ੍ਰੇਲੀਆ ਦੀ ਆਮ ਜਨਤਾ ਵਿਚ ਇਸ ਨੂੰ ਲੈ ਕੇ ਕਾਫੀ ਗੁੱਸਾ ਸੀ। ਆਸਟ੍ਰੇਲੀਆ ਦੇ ਖੇਤੀ ਮੰਤਰੀ ਡੇਵਿਡ ਲਿਟਲਪ੍ਰਾਊਡ ਨੇ ਵੀਰਵਾਰ ਨੂੰ ਵੀਡੀਓ ਨੂੰ ਸ਼ਰਮਨਾਕ ਦੱਸਿਆ। ਹਾਲਾਂਕਿ ਸਰਕਾਰੀ ਸਮੀਖਿਆ ਦੇ ਬਾਅਦ ਉਨ੍ਹਾਂ ਨੇ ਜਿਉਂਦੇ ਪ੍ਰਾਣੀਆਂ ਦੇ ਨਿਰਯਾਤ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਨੂੰ ਵੀ ਖਾਰਜ ਕਰ ਦਿੱਤਾ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ,''ਪੱਛਮੀ ਏਸ਼ੀਆ ਨੂੰ ਜਿਉਂਦੀਆਂ ਭੇਡਾਂ ਦੇ ਨਿਰਯਾਤ 'ਤੇ ਪਾਬੰਦੀ ਨਹੀਂ ਲੱਗੇਗੀ।'' ਉਨ੍ਹਾਂ ਨੇ ਕਿਹਾ,''ਇਸ ਸਮੀਖਿਆ ਦੇ ਨਤੀਜੇ ਵਜੋਂ ਅਸੀਂ ਇਸ ਤਰ੍ਹਾਂ ਦੇ ਵਪਾਰ ਵਿਚ ਗੰਭੀਰ ਅਤੇ ਅਰਥ ਪੂਰਣ ਬਦਲਾਅ ਕਰ ਰਹੇ ਹਾਂ।'' ਬਦਲਾਅ ਦੇ ਨਤੀਜੇ ਵਜੋਂ ਬਰਾਮਦਕਾਰਾਂ ਨੂੰ ਮੌਸਮੀ ਤਾਪਮਾਨ ਦੇ ਮੁਤਾਬਕ ਕੰਟੇਨਰਾਂ ਵਿਚ ਜਗ੍ਹਾ ਨੂੰ 39 ਫੀਸਦੀ ਤੱਕ ਵਧਾਉਣਾ ਹੋਵੇਗਾ। ਇਸ ਦੇ ਇਲਾਵਾ ਇਸ ਤਰ੍ਹਾਂ ਦੇ ਸਾਰੇ ਜਹਾਜ਼ਾਂ 'ਤੇ ਸੁਤੰਤਰ ਨਿਗਰਾਨਾਂ ਦੀ ਮੌਜੂਦਗੀ ਲਾਜ਼ਮੀ ਹੋਵੇਗੀ। ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਨੂੰ 42 ਲੱਖ ਆਸਟ੍ਰੇਲੀਆਈ ਡਾਲਰ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ ਅਤੇ ਕੰਪਨੀ ਦੇ ਨਿਦੇਸ਼ਕਾਂ ਨੂੰ 10 ਸਾਲ ਤੱਕ ਦੀ ਜੇਲ ਹੋ ਸਕਦੀ ਹੈ। ਹਾਲਾਂਕਿ ਪਸ਼ੂ ਅਧਿਕਾਰ ਕਾਰਜ ਕਰਤਾਵਾਂ ਨੇ ਸਰਕਾਰ ਨੂੰ ਦੋਹਰੇ ਮਾਪਦੰਡ ਅਪਨਾਉਣ ਵਾਲੀ ਕਰਾਰ ਦਿੱਤਾ ਹੈ। ਵੀਡੀਓ ਜਾਰੀ ਕਰਨ ਵਾਲੇ ਪਸ਼ੂ ਅਧਿਕਾਰ ਸਮੂਹ ਐਨੀਮਲਸ ਆਸਟ੍ਰੇਲੀਆ ਦੀ ਲਿਨ ਵ੍ਹਾਈਟ ਨੇ ਕਿਹਾ,''ਜੇ ਤੁਸੀਂ ਆਸਟ੍ਰੇਲੀਆ ਵਿਚ ਇਕ ਕੁੱਤੇ ਨੂੰ ਕਾਰ ਵਿਚ ਬੰਦ ਛੱਡ ਦਿੰਦੇ ਹੋ ਤਾਂ ਤੁਸੀਂ ਗ੍ਰਿਫਤਾਰ ਹੋ ਜਾਂਦੇ ਹੋ ਅਤੇ ਤੁਹਾਨੂੰ ਜੇਲ ਵੀ ਹੋ ਸਕਦੀ ਹੈ। ਪਰ ਜੇ ਤੁਸੀਂ ਹਜ਼ਾਰਾਂ ਜਿਉਂਦੀਆਂ ਭੇਡਾਂ ਨੂੰ ਓਵਨ ਦੀ ਤਰ੍ਹਾਂ ਗਰਮ ਜਹਾਜ਼ਾਂ ਵਿਚ ਬੰਦ ਕਰ ਦਿੰਦੇ ਹੋ ਤਾਂ ਇਹ ਕਾਰੋਬਾਰ ਕਹਾਉਂਦਾ ਹੈ।''

More Leatest Stories