ਲਾਲੂ ਯਾਦਵ 42 ਦਿਨ ਰਹਿਣਗੇ ਜ਼ਮਾਨਤ 'ਤੇ ਬਾਹਰ

Gurjeet Singh

16

May

2018

ਰਾਂਚੀ— ਬਿਹਾਰ ਦੇ ਸਾਬਕਾ ਮੁੱਖਮੰਤਰੀ ਅਤੇ ਆਰ.ਜੇ.ਡੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈਕੋਰਟ ਦੇ ਆਦੇਸ਼ 'ਤੇ ਬੁੱਧਵਾਰ ਨੂੰ ਰਾਂਚੀ ਦੀਆਂ ਦੋਵੇਂ ਵਿਸ਼ੇਸ਼ ਸੀ.ਬੀ.ਆਈ ਅਦਾਲਤਾਂ ਨੇ ਇਲਾਜ ਲਈ 6 ਹਫਤੇ ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਲਾਲੂ ਯਾਦਵ ਪਟਨਾ ਲਈ ਰਵਾਨਾ ਹੋ ਚੁੱਕੇ ਹਨ। ਹਾਈਕੋਰਟ ਤੋਂ ਲਾਲੂ ਦੇ ਇਲਾਜ ਲਈ ਮਿਲੀ ਅੰਤਰਿਮ ਜ਼ਮਾਨਤ ਦਾ ਆਦੇਸ਼ ਸੀ.ਬੀ.ਆਈ ਦੀਆਂ ਵਿਸ਼ੇਸ਼ ਅਦਾਲਤਾਂ ਤੱਕ ਪੁੱਜ ਗਿਆ ਅਤੇ ਦੋਵਾਂ ਵਿਸ਼ੇਸ਼ ਅਦਾਲਤਾਂ ਨੇ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ। ਲਾਲੂ ਦੇ ਵਕੀਲ ਪ੍ਰਭਾਤ ਕੁਮਾਰ ਵਿਸ਼ੇਸ਼ ਸੀ.ਬੀ.ਆਈ ਅਦਾਲਤ ਪੁੱਜੇ, ਜਿੱਥੇ ਚਾਰਾ ਘੱਪਲੇ ਨਾਲ ਜੁੜੇ ਤਿੰਨ ਮਾਮਲਿਆਂ 'ਚ ਵੱਖ-ਵੱਖ ਜ਼ਮਾਨਤ ਬਾਂਡ ਭਰਨ ਦੀ ਪ੍ਰੀਕਿਰਿਆ ਪੂਰੀ ਕੀਤੀ ਗਈ। ਆਰ.ਜੇ.ਡੀ ਪ੍ਰਧਾਨ ਖਿਲਾਫ ਦੋ ਮਾਮਲਿਆਂ 'ਚ ਵਿਸ਼ੇਸ਼ ਸੀ.ਬੀ.ਆਈ ਅਦਾਲਤ ਦੇ ਜੱਜ ਸ਼ਿਵਪਾਲ ਸਿੰਘ ਨੇ ਹੋਰ ਇਕ ਮਾਮਲੇ 'ਚ ਆਰ.ਆਰ ਪ੍ਰਸਾਦ ਦੀ ਅਦਾਲਤ ਨੇ ਸਜ਼ਾ ਸੁਣਾਈ ਸੀ। ਇਨ੍ਹਾਂ ਤਿੰਨਾਂ ਮਾਮਲਿਆਂ 'ਚ ਉਨ੍ਹਾਂ ਨੂੰ ਜ਼ਮਾਨਤਦਾਰਾਂ ਨਾਲ ਜ਼ਮਾਨਤ ਬਾਂਡ ਭਰਨਾ ਪਿਆ। ਲਾਲੂ ਯਾਦਵ ਨੂੰ ਜ਼ਮਾਨਤ ਦੇਣ ਦੇ ਨਾਲ ਹੀ ਕੋਰਟ ਨੇ ਉਨ੍ਹਾਂ 'ਤੇ ਕਈ ਰੋਕਾਂ ਵੀ ਲਗਾਈਆਂ ਹਨ। ਜਿਨ੍ਹਾਂ 'ਚ ਮੀਡੀਆ ਨਾਲ ਗੱਲ ਨਾ ਕਰਨਾ, ਰਾਜਨੀਤਿਕ ਪ੍ਰੋਗਰਾਮਾਂ 'ਚ ਸ਼ਾਮਲ ਨਾ ਹੋਣ ਸ਼ਾਮਲ ਹੈ। ਇਸ ਦੇ ਇਲਾਵਾ ਲਾਲੂ ਨੂੰ ਆਪਣੇ ਇਲਾਜ ਦਾ ਵੇਰਵਾ ਵੀ ਅਦਾਲਤ ਨੂੰ ਦੇਣਾ ਪਵੇਗਾ। ਹਾਈਕੋਰਟ ਦੇ ਆਦੇਸ਼ ਮੁਤਾਬਕ ਲਾਲੂ ਨੂੰ 16 ਮਈ ਤੋਂ 42 ਦਿਨ ਬਾਅਦ ਆਪਣੀ ਸਜ਼ਾ ਪੂਰੀ ਕਰਨ ਲਈ ਜੇਲ ਵਾਪਸ ਜਾਣਾ ਪਵੇਗਾ। ਇਸ ਤੋਂ ਪਹਿਲੇ ਤਿੰਨ ਦਿਨਾਂ ਦੀ ਪੈਰੋਲ 'ਤੇ ਆਪਣੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਦੇ ਵਿਆਹ 'ਚ ਸ਼ਾਮਲ ਹੋਣ ਦੇ ਬਾਅਦ ਲਾਲੂ 14 ਮਈ ਨੂੰ ਰਾਂਚੀ ਆਏ ਸਨ। ਅਧਿਕਾਰੀਆਂ ਨੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ 'ਚ ਬਿਰਸਾ ਮੁੰਡਾ ਜੇਲ ਭੇਜ ਦਿੱਤਾ, ਕਿਉਂਕਿ ਝਾਰਖੰਡ ਹਾਈਕੋਰਟ ਤੋਂ ਉਨ੍ਹਾਂ ਨੂੰ ਇਲਾਜ ਲਈ ਸ਼ੁੱਕਰਵਾਰ ਨੂੰ ਮਿਲੀ ਜ਼ਮਾਨਤ ਦਾ ਆਦੇਸ਼ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ 'ਚ ਨਹੀਂ ਪੁੱਜ ਸਕਿਆ ਸੀ।

More Leatest Stories