ਦੀਵਾਲੀ ਮੌਕੇ 18 ਥਾਵਾਂ 'ਤੇ ਅੱਗ ਨੇ ਮਚਾਈ ਤਬਾਹੀ, ਦੇਖੋ ਘਟਨਾਵਾਂ ਦੀਆਂ ਤਸਵੀਰਾਂ

Gurjeet Singh

21

October

2017

ਜਲੰਧਰ ਦੀਵਾਲੀ ਦੀ ਰਾਤ ਸ਼ਹਿਰ 'ਚ ਆਤਿਸ਼ਬਾਜ਼ੀ ਦਾ ਭਗਵਾਨ ਮਹਾਰਿਸ਼ੀ ਵਾਲਮੀਕਿ ਚੌਕ ਦੇ ਨੇੜੇ ਸਥਿਤ ਸੁਦਾਮਾ ਮਾਰਕੀਟ, ਥਾਣਾ ਮਕਸੂਦਾਂ, ਅਟਾਰੀ ਬਾਜ਼ਾਰ ਅਤੇ ਸਪੋਰਟਸ ਐਂਡ ਸਰਜੀਕਲ ਕੰਪਲੈਕਸ ਦੀ ਇਕ ਫੈਕਟਰੀ ਸਮੇਤ ਕਰੀਬ 18 ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਆਤਿਸ਼ਬਾਜ਼ੀ ਦੀਆਂ ਚੰਗਿਆੜੀਆਂ ਨਾਲ ਲੱਗੀ ਅੱਗ ਵਿਚ ਲੋਕਾਂ ਦੀ ਲੱਖਾਂ ਦੀ ਜਾਇਦਾਦ ਸੜ ਕੇ ਸੁਆਹ ਹੋ ਗਈ। ਸ਼ਹਿਰ ਦੇ ਇਨ੍ਹਾਂ ਇਲਾਕਿਆਂ 'ਚ ਲੱਗੀ ਅੱਗ ਇਨ੍ਹਾਂ ਵੱਡੀਆਂ ਘਟਨਾਵਾਂ ਤੋਂ ਇਲਾਵਾ ਸ਼ਹਿਰ ਵਿਚ ਅੱਗ ਲੱਗਣ ਦੀਆਂ ਇੱਕਾ-ਦੁੱਕਾ ਘਟਨਾਵਾਂ ਵੀ ਵਾਪਰੀਆਂ। ਦੀਵਾਲੀ ਦੀ ਸ਼ਾਮ 6.50 ਮਿੰਟ 'ਤੇ ਡਿਫੈਂਸ ਕਾਲੋਨੀ ਵਿਖੇ ਇਕ ਘਰ ਦੀ ਛੱਤ 'ਤੇ ਪਏ ਕਬਾੜ, 7 ਵਜੇ ਕਪੂਰਥਲਾ ਰੋਡ 'ਤੇ ਸਿੰਡੀਕੇਟ ਫੈਕਟਰੀ ਦੇ ਨੇੜੇ, ਮਾਡਲ ਟਾਊਨ ਵਿਖੇ ਰਾਣਾ ਹਸਪਤਾਲ ਦੇ ਨੇੜੇ ਖਾਲੀ ਪਲਾਟ ਵਿਖੇ ਪਏ ਕਬਾੜ ਵਿਚ, 8.10 'ਤੇ ਸਰਜੀਕਲ ਕੰਪਲੈਕਸ ਵਿਖੇ ਸਥਿਤ ਕੰਪੇਟੈਂਟ ਇੰਜੀਨੀਅਰਜ਼, 8. 25 'ਤੇ ਗੌਤਮ ਨਗਰ ਵਿਚ ਕਬਾੜ ਵਿਚ, 8.30 'ਤੇ ਨਿਊ ਰੇਲਵੇ ਰੋਡ ਤੇ ਓਰੀਐਂਟਲ ਬੈਂਕ ਦੀ ਛੱਤ 'ਤੇ, 8.50 'ਤੇ ਲਾਡੋਵਾਲੀ ਰੋਡ 'ਤੇ ਖਾਲੀ ਪਲਾਟ ਵਿਚ, 9.10 'ਤੇ ਮੁਹੱਲਾ ਕੋਟ ਰਾਮਦਾਸ ਵਿਖੇ ਕਬਾੜ ਵਿਚ, 9.15 'ਤੇ ਮਿੱਠੂ ਬਸਤੀ ਵਿਚ ਸੋਨੂੰ ਕਬਾੜ ਵਾਲੇ ਦੇ ਗੋਦਾਮ ਵਿਚ, 9.35 'ਤੇ ਜੀ. ਟੀ. ਬੀ. ਨਗਰ ਵਿਚ ਸਥਿਤ ਰੈਣ ਬਸੇਰਾ ਵਿਖੇ, 10.35 'ਤੇ ਮਲਕਾਂ ਚੌਕ ਦੇ ਨੇੜੇ ਪ੍ਰਵੀਨ ਕੈਂਡਲ ਵਿਖੇ, 11.10 'ਤੇ ਸ਼ਾਸਤਰੀ ਨਗਰ ਦੇ ਖਾਲੀ ਪਲਾਟ ਵਿਚ, 12.15 'ਤੇ ਮੰਡੀ ਰੋਡ 'ਤੇ ਸਥਿਤ ਏ. ਟੀ. ਐੱਮ. ਦੀ ਛੱਤ 'ਤੇ, 12.40 'ਤੇ ਭਈਆ ਮੰਡੀ ਦੇ ਨੇੜੇ ਤੜਕਸਾਰ 2.45 ਵਜੇ ਬਸਤੀ ਨੌਂ ਵਿਖੇ ਬਰਫ ਵਾਲੇ ਕਾਰਖਾਨੇ ਦੇ ਨੇੜੇ ਇਕ ਫੈਕਟਰੀ ਵਿਖੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। PunjabKesari –– ADVERTISEMENT –– ਕੋਟ ਸਦੀਕ ਵਿਖੇ ਲੱਗੀ ਸਕਰੈਪ ਦੇ ਗੋਦਾਮ 'ਚ ਭਿਆਨਕ ਅੱਗ ਕੋਟ ਸਦੀਕ ਖੇਤਰ ਵਿਖੇ ਸਥਿਤ ਸਕਰੈਪ ਗੋਦਾਮ ਵਿਖੇ ਬੀਤੀ ਰਾਤ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਆਤਿਸ਼ਬਾਜ਼ੀ ਦੀ ਚੰਗਿਆੜੀ ਨਾਲ ਲੱਗੀ। ਜਾਣਕਾਰੀ ਮੁਤਾਬਕ ਰਾਤ ਦੇ ਸਮੇਂ ਸਕਰੈਪ ਗੋਦਾਮ ਵਿਖੇ ਡਿੱਗੀ ਚੰਗਿਆੜੀ ਕਾਰਨ ਅੱਗ ਖੁਦ ਹੀ ਪਲਾਂ ਵਿਚ ਫੈਲ ਗਈ। ਅੱਗ ਲੱਗਣ ਕਾਰਨ ਆਲੇ-ਦੁਆਲੇ ਦੇ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਕਰੀਬ 2 ਘੰਟੇ ਦੀ ਮਿਹਨਤ ਤੋਂ ਬਾਅਦ ਭਿਆਨਕ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਗੋਦਾਮ ਵਿਚ ਪਿਆ ਲੱਖਾਂ ਦਾ ਸਕਰੈਪ ਕੰਡਮ ਹੋ ਗਿਆ। ਪਤਾ ਲੱਗਾ ਹੈ ਕਿ ਪੁਲਸ ਨੇ ਸਕਰੈਪ ਗੋਦਾਮ ਦੇ ਮਾਲਕ ਚੰਨਾ ਕਬਾੜੀਆ 'ਤੇ ਕਾਨੂੰਨੀ ਕਾਰਵਾਈ ਕਰਕੇ ਜਾਂਚ ਵਿਚ ਸ਼ਾਮਲ ਕੀਤਾ ਹੈ। ਸਕਰੈਪ ਗੋਦਾਮ ਵਿਚ ਅੱਗ 'ਤੇ ਸਮੇਂ ਰਹਿੰਦੇ ਕਾਬੂ ਪਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿਚ ਗੈਸ ਸਿਲੰਡਰ ਵੀ ਪਏ ਹੋਏ ਸਨ। 9. 25 'ਤੇ ਲੱਗੀ ਸੁਦਾਮਾ ਮਾਰਕੀਟ 'ਚ ਅੱਗ ਆਤਿਸ਼ਬਾਜ਼ੀ ਕਾਰਨ ਦੀਵਾਲੀ ਦੀ ਰਾਤ ਸ਼ਹਿਰ ਦੇ ਵਿਚਕਾਰ ਭਗਵਾਨ ਮਹਾਰਿਸ਼ੀ ਵਾਲਮੀਕਿ ਚੌਕ (ਜੋਤੀ ਚੌਕ) ਦੇ ਨੇੜੇ ਸਥਿਤ ਸੁਦਾਮਾ ਮਾਰਕੀਟ ਵਿਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਆਤਿਸ਼ਬਾਜ਼ੀ ਦੀ ਚੰਗਿਆੜੀ ਦੱਸੀ ਗਈ ਹੈ। ਸੂਤਰਾਂ ਮੁਤਾਬਕ 9. 25 'ਤੇ ਸੁਦਾਮਾ ਮਾਰਕੀਟ ਵਿਚ ਲੱਗੀ ਅੱਗ ਤੇਜ਼ੀ ਨਾਲ ਫੈਲਣ ਲੱਗੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ। ਸ਼ਹਿਰ ਦੀ ਮੁੱਖ ਮਾਰਕੀਟ ਨਾਲ ਲੱਗਦੀ ਸੁਦਾਮਾ ਮਾਰਕੀਟ ਵਿਚ ਅੱਗ ਦੀ ਸੂਚਨਾ ਸ਼ਹਿਰ ਵਿਚ ਤੇਜ਼ੀ ਨਾਲ ਫੈਲੀ। ਆਲੇ-ਦੁਆਲੇ ਸਥਿਤ ਬਾਜ਼ਾਰ ਦੇ ਦੁਕਾਨਦਾਰ ਵੀ ਉਥੇ ਪਹੁੰਚ ਗਏ। ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਤੇਜ਼ੀ ਨਾਲ ਫੈਲਦੀ ਗਈ। ਸੂਚਨਾ ਮਿਲਦੇ ਹੀ ਡੀ. ਸੀ. ਵਰਿੰਦਰ ਕੁਮਾਰ, ਡੀ. ਸੀ. ਪੀ. ਰਾਜਿੰਦਰ ਸਿੰਘ, ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ, ਏ. ਸੀ.ਪੀ. ਸਤਿੰਦਰ ਚੱਢਾ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਤੇਜ਼ੀ ਨਾਲ ਫੈਲੀ ਅੱਗ ਨੇ ਇਕ ਤੋਂ ਬਾਅਦ ਇਕ ਕਰੀਬ 2 ਦਰਜਨ ਦੁਕਾਨਾਂ ਨੂੰ ਲਪੇਟ ਵਿਚ ਲੈ ਲਿਆ। ਆਲੇ-ਦੁਆਲੇ ਦੇ ਦੁਕਾਨਦਾਰ ਇੰਨੇ ਡਰੇ ਹੋਏ ਸਨ ਕਿ ਨਾਲ ਲੱਗਦੀਆਂ ਦੁਕਾਨਾਂ ਵਿਚ ਸੇਫਟੀ ਦੇ ਲਈ ਆਪਣਾ ਸਾਮਾਨ ਵੀ ਹਟਾਉਣਾ ਸ਼ੁਰੂ ਕਰ ਦਿੱਤਾ। ਫਾਇਰ ਬ੍ਰਿਗੇਡ ਦੀ ਟੀਮ ਨੇ ਕਰੀਬ ਢਾਈ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਅੱਗ 'ਤੇ ਕਾਬੂ ਪਾਉਣ ਲਈ ਪਾਣੀ ਦੀਆਂ ਕਰੀਬ 28 ਗੱਡੀਆਂ ਲੱਗੀਆਂ। ਅੱਜ ਸਵੇਰੇ ਸੁਦਾਮਾ ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਮਾਰਕੀਟ ਦੀਆਂ 20 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਦੁਕਾਨਾਂ ਵਿਚ ਪਿਆ ਲੱਖਾਂ ਦਾ ਸਾਮਾਨ ਵੀ ਸੜ ਗਿਆ। ਨੁਕਸਾਨ 20 ਲੱਖ ਤੋਂ ਜ਼ਿਆਦਾ ਦਾ ਦੱਸਿਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਥਾਣਾ ਮਕਸੂਦਾਂ ਵਿਖੇ ਮਾਲਖਾਨੇ ਦੇ ਸੜੇ 20 ਵਾਹਨ ਦੀਵਾਲੀ ਦੀ ਸਵੇਰ ਦੀ ਸ਼ੁਰੂਆਤ ਥਾਣਾ ਮਕਸੂਦਾਂ ਵਿਖੇ ਅੱਗ ਨਾਲ ਹੋਈ। ਜਾਣਕਾਰੀ ਮੁਤਾਬਕ ਦਿਨ ਨਿਕਲਦੇ ਹੀ ਸਵੇਰੇ 8.15 ਵਜੇ ਥਾਣਾ ਮਕਸੂਦਾਂ ਵਿਚ ਚੰਗਿਆੜੀ ਡਿੱਗੀ ਅਤੇ ਖੁੱਲ੍ਹੇ ਵਿਚ ਪਏ ਮਾਲਖਾਨੇ ਦੇ ਵਾਹਨਾਂ ਵਿਚ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਰਬਜੀਤ ਸਿੰਘ ਰਾਏ, ਥਾਣਾ ਮਕਸੂਦਾਂ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਅਤੇ ਪੁਲਸ ਫੋਰਸ ਮੌਕੇ 'ਤੇ ਪਹੁੰਚੇ। ਫਾਇਰ ਬ੍ਰਿਗੇਡ ਟੀਮ ਵੀ ਮੌਕੇ 'ਤੇ ਪਹੁੰਚੀ ਅਤੇ ਕਰੀਬ 45 ਮਿੰਟ ਵਿਚ ਅੱਗ 'ਤੇ ਕਾਬੂ ਪਾ ਲਿਆ ਗਿਆ। ਇੰਸਪੈਕਟਰ ਜਸਵਿੰਦਰ ਸਿੰਘ ਮੁਤਾਬਕ ਆਤਿਸ਼ਬਾਜ਼ੀ ਦੀ ਚੰਗਿਆੜੀ ਨਾਲ ਅੱਗ ਲੱਗੀ। ਉਨ੍ਹਾਂ ਦੱਸਿਆ ਕਿ ਥਾਣੇ ਵਿਚ ਦਰਜ ਮੁਕੱਦਮਿਆਂ ਵਿਚ ਬਰਾਮਦ ਵ੍ਹੀਕਲ ਥਾਣਾ ਕੰਪਲੈਕਸ ਵਿਚ ਹੀ ਪਏ ਸਨ। ਚੰਗਿਆੜੀ ਡਿੱਗੀ ਅਤੇ ਅੱਗ ਫੈਲ ਗਈ। ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਾਲ ਮੁਕੱਦਮੇ ਦੇ ਕਰੀਬ ਦੋਪਹੀਆ ਅਤੇ ਚੋਪਹੀਆ ਵਾਹਨ ਸੜ ਕੇ ਨੁਕਸਾਨੇ ਗਏ। ਘਟਨਾ ਸਬੰਧੀ ਰਿਪੋਰਟ ਤਿਆਰ ਕਰਕੇ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।

More Leatest Stories