ਮੋਦੀ ਅੱਜ ਗੁਜਰਾਤ 'ਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਨਗੇ

Gurjeet Singh

16

October

2017

ਅਹਿਮਦਾਬਾਦ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਆਪਣੇ ਗ੍ਰਹਿ ਰਾਜ ਗੁਜਰਾਤ ਆ ਰਹੇ ਹਨ, ਜਿਥੇ ਉਹ ਗਾਂਧੀ ਨਗਰ ਕੋਲ ਇਕ ਪਿੰਡ 'ਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਨਗੇ। ਭਾਜਪਾ ਪ੍ਰਦੇਸ਼ ਇਕਾਈ ਦੇ ਇਕ ਸੀਨੀਅਰ ਨੇਤਾ ਨੇ ਇਹ ਜਾਣਕਾਰੀ ਦਿੱਤੀ। ਗੁਜਰਾਤ ਪ੍ਰਦੇਸ਼ ਭਾਜਪਾ ਪ੍ਰਧਾਨ ਜੀਤੂ ਵਾਘਾਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੱਲ 'ਗੁਜਰਾਤ ਗੌਰਵ ਮਹਾਸੰਮੇਲਨ' ਨੂੰ ਸੰਬੋਧਨ ਕਰਨਗੇ, ਜਿਸ ਦਾ ਆਯੋਜਨ ਭਾਜਪਾ ਗੁਜਰਾਤ ਗੌਰਵ ਯਾਤਰਾ ਦੇ ਅੱਜ ਖਤਮ ਹੋਣ ਮੌਕੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 15 ਦਿਨਾ ਗੁਜਰਾਤ ਗੌਰਵ ਯਾਤਰਾ ਦੀ ਸ਼ੁਰੂਆਤ 1 ਅਕਤੂਬਰ ਨੂੰ ਹੋਈ ਸੀ ਅਤੇ ਇਸ ਵਿਚ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਹਿੱਸਾ ਲਿਆ। ਇਸ ਯਾਤਰਾ ਦੌਰਾਨ 4471 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ ਤੇ ਇਹ ਗੁਜਰਾਤ ਵਿਧਾਨ ਸਭਾ ਦੀਆਂ 182 'ਚੋਂ 119 ਸੀਟਾਂ 'ਚੋਂ ਹੋ ਕੇ ਲੰਘੀ। ਮੋਦੀ ਦੇ 'ਗੁਜਰਾਤ ਗੌਰਵ ਮਹਾ ਸੰਮੇਲਨ' ਦੇ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅਤੇ ਹੋਰ ਨੇਤਾ ਮੌਜੂਦ ਰਹਿਣਗੇ। ਪਿਛਲੇ ਹਫਤੇ ਮੋਦੀ ਨੇ ਰਾਜਕੋਟ, ਵਡਨਗਰ, ਗਾਂਧੀਨਗਰ ਵਰਗੇ ਇਲਾਕਿਆਂ 'ਚ ਬਹੁਤ ਸਾਰੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਕੁਝ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ । ਉਨ੍ਹਾਂ ਨੇ 8 ਅਕਤੂਬਰ ਨੂੰ ਆਪਣੇ ਗ੍ਰਹਿ ਨਗਰ ਵਡਨਗਰ ਦੇ ਨਾਲ ਲੱਗਦੇ ਇਲਾਕੇ 'ਚ ਰੋਡ ਸ਼ੋਅ ਵੀ ਕੀਤਾ ਸੀ। ਗੁਜਰਾਤ 'ਚ ਇਸ ਸਾਲ ਦੇ ਆਖਿਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

More Leatest Stories