ਚਿਦਾਂਬਰਮ, ਕਾਰਤੀ ਤੇ ਲਾਲੂ ਦੇ ਟਿਕਾਣਿਆਂ 'ਤੇ ਛਾਪੇ

Gurjeet Singh

17

May

2017

ਚੇਨਈ/ਨਵੀਂ ਦਿੱਲੀ — ਸੀ. ਬੀ. ਆਈ ਨੇ 2007 'ਚ ਆਈ. ਐੱਨ. ਐਕਸ. ਮੀਡੀਆ ਕੰਪਨੀ ਨੂੰ ਵਿਦੇਸ਼ੀ ਨਿਵੇਸ਼ ਦੀ ਪ੍ਰਵਾਨਗੀ ਦਿਵਾਉਣ ਲਈ ਕੰਪਨੀ ਦੀ ਤਰਫਦਾਰੀ ਕਰਨ ਦੇ ਦੋਸ਼ ਹੇਠ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਚਿਦਾਂਬਰਮ ਨਾਲ ਜੁੜੇ ਕਈ ਟਿਕਾਣਿਆਂ 'ਤੇ ਮੰਗਲਵਾਰ ਛਾਪੇ ਮਾਰੇ। ਦਿੱਲੀ 'ਚ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ਛਾਪੇ ਮੁੰਬਈ, ਦਿੱਲੀ, ਚੇਨਈ ਅਤੇ ਗੁਰੂਗ੍ਰਾਮ 'ਚ ਮਾਰੇ ਗਏ। ਚੇਨਈ 'ਚ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਚੇਨਈ ਸਥਿਤ ਚਿਦਾਂਬਰਮ ਦੇ ਨਿਵਾਸ ਵਿਖੇ ਵੀ ਛਾਪੇਮਾਰੀ ਰਾਤ ਤੱਕ ਜਾਰੀ ਰਹੀ। ਸੀ. ਬੀ. ਆਈ. ਨੇ ਆਈ. ਐੱਨ. ਐਕਸ. ਮੀਡੀਆ ਕੰਪਨੀ ਵਿਰੁੱਧ ਮਾਮਲਾ ਸੋਮਵਾਰ ਦਰਜ ਕੀਤਾ ਸੀ। ਸੀ. ਬੀ. ਆਈ. ਦਾ ਦੋਸ਼ ਹੈ ਕਿ ਕੰਪਨੀ ਦੀ ਤਰਫਦਾਰੀ ਉਦੋਂ ਕੀਤੀ ਗਈ ਜਦੋਂ ਚਿਦਾਂਬਰਮ ਵਿੱਤ ਮੰਤਰੀ ਸਨ। ਸੀ. ਬੀ. ਆਈ. ਨੇ ਆਈ. ਐੱਨ. ਐੱਕਸ. ਮੀਡੀਆ ਕੰਪਨੀ ਦੇ ਨਾਲ-ਨਾਲ ਨਿਰਦੇਸ਼ਕ ਕਾਰਤੀ ਰਾਹੀਂ ਉਨ੍ਹਾਂ ਦੀ ਕੰਪਨੀ ਚੈੱਸ ਮੈਨੇਜਮੈਂਟ ਸਰਵਿਸਜ਼ ਅਤੇ ਨਿਰਦੇਸ਼ਕ ਪਦਮਾ ਵਿਸ਼ਵਨਾਥਨ ਰਾਹੀਂ ਅਡਵਾਂਟਿਜ ਕੰਸਲਟਿੰਗ ਲਿਮਟਿਡ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ। ਸੀ. ਬੀ. ਆਈ. ਨੇ ਸਾਬਕਾ ਮੀਡੀਆ ਦਿਗਜ਼ ਪੀਟਰ ਮੁਖਰਜੀ ਦੇ ਘਰ ਵੀ ਛਾਪੇ ਮਾਰੇ। ਪੀਟਰ ਅਤੇ ਉਨ੍ਹਾਂ ਦੀ ਪਤਨੀ ਇੰਦਰਾਣੀ ਮੁਖਰਜੀ ਸ਼ੀਨਾ ਬੋਰਾ ਕਤਲਕਾਂਡ ਮਾਮਲੇ 'ਚ ਜੇਲ ਵਿਚ ਬੰਦ ਹਨ। ਓਧਰ, ਆਮਦਨ ਕਰ ਵਿਭਾਗ ਨੇ ਦਿੱਲੀ ਅਤੇ ਆਲੇ-ਦੁਆਲੇ ਦੇ ਵੱਖ-ਵੱਖ ਇਲਾਕਿਆਂ 'ਚ ਮੰਗਲਵਾਰ 22 ਥਾਵਾਂ 'ਤੇ ਛਾਪੇ ਮਾਰੇ ਅਤੇ ਸਰਵੇਖਣ ਕੀਤਾ। ਇਹ ਕਾਰਵਾਈ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਹੋਰਨਾਂ ਨਾਲ ਸੰਬੰਧਿਤ 1000 ਕਰੋੜ ਰੁਪਏ ਦੇ ਕਥਿਤ ਬੇਨਾਮੀ ਸੌਦਿਆਂ ਦੇ ਮਾਮਲੇ 'ਚ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤੜਕੇ ਵਿਭਾਗ ਨੇ ਦਿੱਲੀ, ਗੁੜਗਾਓਂ ਅਤੇ ਰੇਵਾੜੀ ਦੇ ਕੁਝ ਪ੍ਰਮੁੱਖ ਕਾਰੋਬਾਰੀਆਂ ਅਤੇ ਰੀਅਲ ਅਸਟੇਟ ਦੇ ਏਜੰਟਾਂ ਦੇ ਟਿਕਾਣਿਆਂ 'ਤੇ ਛਾਪੇ ਮਾਰੇ। ਰਾਜਦ ਦੇ ਐੱਮ. ਪੀ. ਪੀ. ਸੀ. ਗੁਪਤਾ ਅਤੇ ਕੁਝ ਹੋਰਨਾਂ ਕਾਰੋਬਾਰੀਆਂ ਦੇ ਕੰਪਲੈਕਸਾਂ ਦੀ ਵੀ ਤਲਾਸ਼ੀ ਲਈ ਗਈ। ਛਾਪੇਮਾਰੀ ਇਕ ਦਰਜਨ ਥਾਵਾਂ 'ਤੇ ਕੀਤੀ ਗਈ ਜਦਕਿ 10 ਹੋਰਨਾਂ ਕੰਪਲੈਕਸਾਂ ਦਾ ਸਰਵੇਖਣ ਕੀਤਾ ਗਿਆ। ਲਾਲੂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੇ ਇਕ ਜ਼ਮੀਨੀ ਸੌਦੇ 'ਚ ਸ਼ਾਮਲ ਲੋਕਾਂ ਅਤੇ ਕਾਰੋਬਾਰੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ। ਲਗਭਗ 1000 ਕਰੋੜ ਰੁਪਏ ਦੇ ਬੇਨਾਮੀ ਸੌਦਿਆਂ ਅਤੇ ਉਸ ਤੋਂ ਬਾਅਦ ਕੀਤੀ ਗਈ ਟੈਕਸ ਚੋਰੀ ਨਾਲ ਸੰਬੰਧਿਤ ਮਾਮਲਿਆਂ 'ਚ ਇਹ ਛਾਪੇ ਮਾਰੇ ਗਏ। ਲਾਲੂ ਦੇ ਪਟਨਾ ਨਿਵਾਸ ਵਿਖੇ ਸੰਨਾਟਾ ਲਾਲੂ ਦੇ ਵੱਖ-ਵੱਖ ਟਿਕਾਣਿਆਂ 'ਤੇ ਪਏ ਛਾਪਿਆਂ ਪਿੱਛੋਂ ਪਟਨਾ ਸਥਿਤ ਉਨ੍ਹਾਂ ਦੇ ਸਰਕਾਰੀ ਨਿਵਾਸ 'ਚ ਮੰਗਲਵਾਰ ਸੰਨਾਟਾ ਛਾਇਆ ਰਿਹਾ। ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰਨ ਦੀਆਂ ਖਬਰਾਂ ਮਿਲਣ ਪਿੱਛੋਂ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੂੰ ਮਿਲੇ ਸਰਕਾਰੀ ਨਿਵਾਸ 10, ਸਰਕੂਲਰ ਰੋਡ ਦੇ ਬਾਹਰ ਮੀਡੀਆ ਵਾਲਿਆਂ ਦੀ ਭੀੜ ਲੱਗੀ ਰਹੀ ਪਰ ਅੰਦਰ ਸੰਨਾਟਾ ਛਾਇਆ ਰਿਹਾ। ਜਨਤਾ ਦਲ (ਯੂ) ਦੇ ਇਕ ਬੁਲਾਰੇ ਡਾ. ਅਲੋਕ ਨੇ ਕਿਹਾ ਕਿ ਆਮਦਨ ਕਰ ਵਿਭਾਗ ਦੇ ਛਾਪੇ ਲੋਕਾਂ 'ਤੇ ਪੈਂਦੇ ਹੀ ਰਹਿੰਦੇ ਹਨ ਪਰ ਜਦ ਤੱਕ ਛਾਪਿਆਂ ਦੌਰਾਨ ਕੁਝ ਮਿਲਦਾ ਨਹੀਂ, ਕਿਸੇ ਤਰ੍ਹਾਂ ਦਾ ਕੋਈ ਸਿੱਟਾ ਕੱਢਣਾ ਠੀਕ ਨਹੀਂ। ਕਾਰਤੀ ਨੇ ਆਪਣੀ ਪਹੁੰਚ ਦੀ ਦੁਰਵਰਤੋਂ ਕੀਤੀ ਸੀ. ਬੀ. ਆਈ.-ਸੀ. ਬੀ. ਆਈ. ਨੇ ਦੋਸ਼ ਲਾਇਆ ਹੈ ਕਿ ਕਾਰਤੀ ਚਿਦਾਂਬਰਮ ਨੇ ਵਿੱਤ ਮੰਤਰਾਲਾ 'ਚ ਆਪਣੀ ਪਹੁੰਚ ਦੀ ਦੁਰਵਰਤੋਂ ਕੀਤੀ। ਆਈ. ਐੱਨ. ਐਕਸ. ਮੀਡੀਆ ਕੰਪਨੀ ਨੇ ਤਿੰਨ ਪ੍ਰਵਾਸੀ ਅਦਾਰਿਆਂ ਡੇਨਅਰਨ, ਐੱਨ. ਐੱਸ. ਆਰ. ਪੀ. ਈ. ਅਤੇ ਨਿਊ ਵੋਰੇਨ ਪ੍ਰਾਈਵੇਟ ਇਕਵਿਟੀ ਲਿਮਟਿਡ 'ਚ ਘੱਟੋ-ਘੱਟ 14.98 ਫੀਸਦੀ ਇਕਵਿਟੀ ਲਿਮਟਿਡ ਸ਼ੇਅਰਾਂ ਦੀ ਪਹਿਲ ਦੇ ਆਧਾਰ 'ਤੇ ਵੰਡ ਜਾਰੀ ਕਰਨ ਦੀ ਆਗਿਆ ਲਈ 13 ਮਾਰਚ 2007 ਨੂੰ ਐੱਫ. ਆਈ. ਬੀ. ਪੀ. ਦੀ ਪ੍ਰਵਾਨਗੀ ਦੀ ਮੰਗ ਕੀਤੀ ਸੀ। ਐੱਫ. ਆਈ. ਬੀ. ਪੀ. ਦੀ ਇਕਾਈ ਨੇ ਬੋਰਡ ਨੂੰ 18 ਮਈ 2007 ਨੂੰ ਹੋਣ ਵਾਲੀ ਬੈਠਕ 'ਚ ਪੇਸ਼ ਕੀਤੇ ਜਾਣ ਵਾਲੇ ਸੰਖੇਪ ਪ੍ਰਸਤਾਵ 'ਚ ਸਪਸ਼ਟ ਕੀਤਾ ਸੀ ਕਿ 4.62 ਕਰੋੜ ਰੁਪਏ ਦੇ ਪ੍ਰਸਤਾਵਿਤ ਇਸ਼ੂ 'ਚ ਅੰਕਿਤ ਕੀਮਤ 'ਤੇ ਐੱਫ. ਡੀ. ਆਈ. ਨੂੰ ਪ੍ਰਵਾਨ ਕੀਤਾ ਜਾ ਸਕਦਾ ਹੈ। ਦੇਸ਼ ਭਰ 'ਚ ਕਰੋੜਾਂ 'ਲਾਲੂ' ਖੜ੍ਹੇ ਹੋ ਜਾਣਗੇ : ਲਾਲੂ ਛਾਪੇਮਾਰੀ ਪਿੱਛੋਂ ਲਾਲੂ ਨੇ ਭਾਜਪਾ ਅਤੇ ਆਰ. ਐੱਸ. ਐੱਸ. 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮੈਂ ਗਿੱਦੜ ਭੱਬਕੀਆਂ ਤੋਂ ਡਰਨ ਵਾਲਾ ਨਹੀਂ ਹਾਂ। ਇਕ ਲਾਲੂ ਦੀ ਆਵਾਜ਼ ਦਬਾਓਗੇ ਤਾਂ ਦੇਸ਼ ਭਰ 'ਚ ਕਰੋੜਾਂ 'ਲਾਲੂ' ਖੜ੍ਹੇ ਹੋ ਜਾਣਗੇ। ਇਕ ਤੋਂ ਬਾਅਦ ਇਕ ਕਈ ਟਵੀਟ ਕਰ ਕੇ ਲਾਲੂ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਜਨਤਾ ਦਲ (ਯੂ) ਤੇ ਭਾਜਪਾ ਦਰਮਿਆਨ ਗਠਜੋੜ ਹੋਣ ਦੀਆਂ ਅਟਕਲਾਂ ਤੇਜ਼ ਕਰ ਦਿੱਤੀਆਂ।

More Leatest Stories