ਸ਼੍ਰੀਲੰਕਾ 'ਚ ਮੋਦੀ ਨੇ ਅੱਤਵਾਦ 'ਤੇ ਪਾਕਿ ਨੂੰ ਘੇਰਿਆ

Gurjeet Singh

13

May

2017

ਕੋਲੰਬੋ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਕਿਹਾ ਕਿ ਬੁੱਧ ਦਾ ਸ਼ਾਂਤੀ ਦਾ ਸੰਦੇਸ਼ ਹਿੰਸਾ ਦੇ ਵੱਧਦੇ ਦਾਇਰੇ ਦਾ ਜਵਾਬ ਹੈ। ਨਾਲ ਹੀ ਉਨ੍ਹਾਂ ਨੇ ਨਫਰਤ ਅਤੇ ਹਿੰਸਾ ਦੀ ਮਾਨਸਿਕਤਾ ਕਾਰਨ ਵਿਸ਼ਵ ਸ਼ਾਂਤੀ ਦੀ ਚੁਣੌਤੀ 'ਤੇ ਵੀ ਚਿੰਤਾ ਜ਼ਾਹਿਰ ਕੀਤੀ। ਮੋਦੀ ਨੇ ਕੋਲੰਬੋ ਵਿਚ ਅੰਤਰਰਾਸ਼ਟਰੀ ਬੈਸਾਖ ਦਿਵਸ ਸਮਾਰੋਹ ਵਿਚ ਕਿਹਾ ਕਿ ਭਗਵਾਨ ਬੁੱਧ ਦਾ ਸੰਦੇਸ਼ 21ਵੀਂ ਸਦੀ ਵਿਚ ਵੀ ਓਨਾ ਹੀ ਪ੍ਰਸੰਗਿਕ ਹੈ, ਜਿੰਨਾ ਢਾਈ ਹਜ਼ਾਰ ਸਾਲ ਪਹਿਲਾਂ ਸੀ। ਉਹ ਸਮਾਰੋਹ ਵਿਚ ਮੁੱਖ ਮਹਿਮਾਨ ਦੀ ਹੈਸੀਅਤ ਵਿਚ ਬੋਲ ਰਹੇ ਸਨ। ਮੋਦੀ ਨੇ ਕਿਹਾ ਕਿ ਖੇਤਰ ਵਿਚ ਨਫਰਤ ਅਤੇ ਉਸਨੂੰ ਫੈਲਾਉਣ ਵਾਲੇ ਵਾਰਤਾ ਦੀ ਗੱਲ ਕਰਦੇ ਹਨ ਅਤੇ ਉਹ ਸਿਰਫ ਮੌਤ ਅਤੇ ਵਿਨਾਸ਼ ਦਾ ਕਾਰਨ ਬਣ ਰਹੇ ਹਨ। ਅੱਤਵਾਦ 'ਤੇ ਪਾਕਿ ਨੂੰ ਘੇਰਦੇ ਹੋਏ ਮੋਦੀ ਨੇ ਕਿਹਾ ਕਿ ਸਾਡੇ ਖੇਤਰ ਵਿਚ ਅੱਤਵਾਦ ਦਾ ਖਤਰਾ ਤਬਾਹ ਕਰਨ ਵਾਲੀ ਭਾਵਨਾ ਦਾ ਠੋਸ ਪ੍ਰਗਟਾਵਾ ਹੈ। ਸਰੋਤਿਆਂ ਵਿਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ, ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ, ਸਿਆਸੀ ਆਗੂ ਅਤੇ ਦੁਨੀਆ ਭਰ ਤੋਂ ਆਏ ਬੋਧੀ ਆਗੂ ਸ਼ਾਮਲ ਸਨ। ਪੂਰੀ ਦੁਨੀਆ ਵਿਚ ਬੁੱਧ ਧਰਮ ਦੇ ਲੋਕ ਭਗਵਾਨ ਬੁੱਧ ਦਾ ਜਨਮ, ਉਨ੍ਹਾਂ ਦੇ ਗਿਆਨ ਦੀ ਪ੍ਰਾਪਤੀ ਅਤੇ ਉਨ੍ਹਾ ਦੇ ਮਹਾ ਪ੍ਰੀ-ਨਿਰਵਾਣ ਦੀ ਯਾਦ ਵਿਚ ਬੈਸਾਖ ਦਿਵਸ ਮਨਾਉਂਦੇ ਹਨ। ਓਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲੰਬੋ ਅਤੇ ਵਾਰਾਣਸੀ ਦਰਮਿਆਨ ਅੱਜ ਸਿੱਧੀ ਹਵਾਈ ਜਹਾਜ਼ ਸੇਵਾ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਨਾਲ ਤਾਮਿਲ ਲੋਕਾਂ ਨੂੰ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨ ਦੀ ਸਹੂਲਤ ਮੁਹੱਈਆ ਹੋ ਸਕੇਗੀ। ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਵਿਚਾਲੇ ਸੂਚਨਾ, ਤਕਨੀਕ, ਸੰਚਾਰ, ਐਨਰਜੀ, ਟ੍ਰੈਫਿਕ ਅਤੇ ਇਨਫਰਾਸਟਰੱਕਚਰ ਵਿਚ ਸੰਬੰਧ ਵਿਚ ਵਧੀਆ ਬਣਾਉਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ਦੇ ਦਿਕੋਯਾ ਵਿਚ ਭਾਰਤ ਦੀ ਮਦਦ ਨਾਲ 150 ਕਰੋੜ ਦੀ ਲਾਗਤ ਨਾਲ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਵੀ ਉਦਘਾਟਨ ਕੀਤਾ। ਚਾਹ ਦੇ ਬਾਗਾਂ ਲਈ ਪ੍ਰਸਿੱਧ ਦਿਕੋਯਾ ਵਿਚ ਭਾਰਤੀ ਮੂਲ ਦੇ ਤਾਮਿਲਾਂ ਦੀ ਸੰਘਣੀ ਵਸੋਂ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ਨੂੰ ਰਾਸ਼ਟਰ ਉਸਾਰੀ ਦੀ ਕੋਸ਼ਿਸ਼ਾਂ ਵਿਚ ਭਾਰਤ ਦੇ ਸਮਰਥਨ ਦਾ ਭਰੋਸਾ ਦਿੱਤਾ।

More Leatest Stories