ਪੈਟਰੋਲ ਪੰਪ ਤੋਂ 325 ਲਿਟਰ ਡੀਜ਼ਲ ਪੁਆ ਕੇ ਨੌਸਰਬਾਜ਼ ਫ਼ਰਾਰ

05

October

2018

ਪਾਇਲ, ਇੱਥੇ ਪਾਇਲ ਤੋਂ ਅਹਿਮਦਗੜ੍ਹ ਜਾਂਦੀ ਮੁੱਖ ਸੜਕ ਉੱਤੇ ਘੁਡਾਣੀ ਖੁਰਦ ਨੇੜੇ ਇੰਡੀਅਨ ਆਇਲ ਕੰਪਨੀ ਦੇ ਪੈਟਰੋਲ ਪੰਪ ਜੀ.ਐੱਚ. ਫਿਲਿੰਗ ਸਟੇਸ਼ਨ ’ਤੇ ਇੱਕ ਨੌਸਰਬਾਜ਼ ਠੱਗੀ ਮਾਰਦਿਆਂ 325 ਲਿਟਰ ਡੀਜ਼ਲ ਪੁਆ ਕੇ ਫ਼ਰਾਰ ਹੋ ਗਿਆ। ਘਟਨਾ ਕਰੀਬ 7 ਵਜੇ ਸਵੇਰੇ ਦੀ ਹੈ। ਪੰਪ ਦੇ ਮੈਨੇਜਰ ਜਤਿੰਦਰ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਉਹ ਆਪਣੇ ਘਰ ਗਿਆ ਹੋਇਆ ਸੀ ਅਤੇ ਸਵੇਰੇ ਇੱਕ ਚਿੱਟੇ ਰੰਗ ਦੀ ਆਲਟੋ ਕਾਰ ਵਿੱਚ ਸਵਾਰ ਮੋਨਾ ਨੌਜਵਾਨ ਪੰਪ ’ਤੇ ਆਇਆ ਤੇ ਉਸ ਨੇ ਉੱਥੇ ਮੌਜੂਦ ਮੁਲਾਜ਼ਮ ਦਸ਼ਰਥ ਨੂੰ ਕਾਰ ਵਿੱਚ ਰੱਖੀਆਂ ਕਰੀਬ ਪੰਜ ਕੇਨੀਆਂ ਵਿੱਚ ਡੀਜ਼ਲ ਭਰਨ ਲਈ ਕਿਹਾ। ਦਸ਼ਰਥ ਵੱਲੋਂ ਇਸ ਬਾਰੇ ਆਪਣੇ ਸੀਨੀਅਰ ਕਾਮੇ ਨਾਲ ਗੱਲ ਕਰਨ ਲਈ ਕਿਹਾ ਗਿਆ ਜੋ ਹਾਲੇ ਨਹਾ ਰਿਹਾ ਸੀ। ਇਸ ਤੋਂ ਬਾਅਦ ਮੋਨਾ ਨੌਜਵਾਨ ਕਾਰ ਵਿੱਚੋਂ ਉਤਰ ਕੇ ਬਾਹਰ ਨਹਾ ਰਹੇ ਕਾਮੇ ਬਬਲੂ ਪਾਂਡੇ ਕੋਲ ਗਿਆ ਤੇ ਉਸ ਨੂੰ ਤੇਲ ਭਰਨ ਲਈ ਆਪਣੇ ਨਾਲ ਲੈ ਆਇਆ। ਕਾਰ ਵਿੱਚ ਰੱਖੀਆਂ ਸਾਰੀਆਂ ਕੇਨੀਆਂ ਨੂੰ ਫੁੱਲ ਕਰਾ ਕੇ ਕਾਰ ਚਾਲਕ ਨੇ ਕਿਹਾ ਕਿ ਉਸ ਦੀ ਕਾਰ ਵਿੱਚ ਵੀ ਪੈਟਰੋਲ ਪਾ ਦਿੱਤਾ ਜਾਵੇ ਤੇ ਉਹ ਗੱਡੀ ਘੁਮਾ ਕੇ ਦੂਸਰੀ ਤਰਫ ਲਾਉਣ ਦੇ ਬਹਾਨੇ ਕਰਨ ਲੱਗਾ। ਆਲਟੋ ਕਾਰ ਨੂੰ ਸਟਾਰਟ ਕਰ ਕੇ ਨੌਸਰਬਾਜ਼ ਵਿਅਕਤੀ ਪੰਪ ਤੋਂ ਘੁਮਾ ਕੇ ਇੱਕਦਮ ਫ਼ਰਾਰ ਹੋ ਗਿਆ ਤੇ ਵਾਪਸ ਫਿਰ ਤੋਂ ਰਾੜਾ ਸਾਹਿਬ ਵਾਲੇ ਪਾਸੇ ਚਲਾ ਗਿਆ। ਪੈਟਰੋਲ ਪਵਾਉਣ ਲਈ ਆਏ ਇੱਕ ਮੋਟਰਸਾਇਕਲ ਸਵਾਰ ਦੀ ਸਹਾਇਤਾ ਨਾਲ ਕਾਮਿਆਂ ਨੇ ਉਸ ਦਾ ਪਿੱਛਾ ਕਰਨਾ ਚਾਹਿਆ ਪਰ ਓਦੋਂ ਤੱਕ ਉਹ ਪਤਰੇ ਵਾਚ ਗਿਆ ਸੀ। ਜਤਿੰਦਰ ਸਿੰਘ ਅਨੁਸਾਰ ਇਸ ਦੀ ਸੂਚਨਾ ਥਾਣਾ ਪਾਇਲ ਵਿਖੇ ਦਿੱਤੀ ਗਈ ਹੈ ਤੇ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਥਾਣਾ ਪਾਇਲ ਦੇ ਤਫ਼ਤੀਸ਼ੀ ਅਫ਼ਸਰ ਸਤਪਾਲ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਸੀਸੀਟੀਵੀ ਫੁਟੇਜ ਤੋਂ ਇਲਾਵਾ ਕਈ ਹੋਰ ਪੱਖਾਂ ’ਤੇ ਕੰਮ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਢੁਕਵੀਂ ਕਾਰਵਾਈ ਕੀਤੀ ਜਾਵੇਗੀ।