ਧਾਰਮਿਕ ਮੋਰਚੇ ਨੇ ਸੁਰੱਖਿਆ ਏਜੰਸੀਆਂ ਦੀ ਪ੍ਰੇਸ਼ਾਨੀ ਵਧਾਈ

03

October

2018

ਲੰਬੀ/ਡੱਬਵਾਲੀ, ਪੰਜਾਬ ਸਰਕਾਰ ਅਤੇ ਅਕਾਲੀ ਦਲ ਵਿਚਾਲੇ ਚੱਲ ਰਹੀ ਸਿਆਸੀ ਜੰਗ ਦਰਮਿਆਨ ਸਿੱਖ ਜਥੇਬੰਦੀਆਂ ਨੇ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ‘ਧਾਰਮਿਕ ਮੋਰਚਾ’ ਖੋਲ੍ਹ ਦਿੱਤਾ ਹੈ। ਸਿੱਖ ਜਥੇਬੰਦੀਆਂ ਵੱਲੋਂ ਸਿਆਸੀ ਰੈਲੀਆਂ ਵਾਲੇ ਦਿਹਾੜੇ 7 ਅਕਤੂਬਰ ਨੂੰ ਵਿਸ਼ਾਲ ਰੋਸ ਮਾਰਚ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਡੱਬਵਾਲੀ-ਬਰਗਾੜੀ ਬਰਾਸਤਾ ਲੰਬੀ-ਬਾਦਲ ਰਵਾਨਾ ਹੋਣ ਵਾਲੇ ਰੋਸ ਮਾਰਚ ਨੇ ਕਾਂਗਰਸ ਦੀ ਕਿੱਲਿਆਂਵਾਲੀ ਰੈਲੀ ਨੂੰ ਸਫ਼ਲ ਬਣਾਉਣ ’ਚ ਜੁਟੀਆਂ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਦੀਆਂ ਪਰੇਸ਼ਾਨੀ ਵਧਾ ਦਿੱਤੀ ਹੈ। ਬੇਅਦਬੀ ਤੇ ਗੋਲੀ ਕਾਂਡ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਜੇਲ੍ਹਾਂ ’ਚ ਬੰਦ ਸਿੱਖਾਂ ਦੀ ਰਿਹਾਈ ਲਈ ਸੱਤ ਅਕਤੂਬਰ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਰੋਸ ਮਾਰਚ ਬਰਗਾੜੀ ਪੁੱਜਣਗੇ। ਡੱਬਵਾਲੀ ਤੋਂ ਰੋਸ ਮਾਰਚ ਵਿਸ਼ਵਕਰਮਾ ਗੁਰਦੁਆਰਾ ਤੋਂ ਰਵਾਨਾ ਹੋਵੇਗਾ। ਇਸ ਰੋਸ ਮਾਰਚ ਵਿੱਚ ਡੱਬਵਾਲੀ, ਕਾਲਾਂਵਾਲੀ ਅਤੇ ਲੰਬੀ ਹਲਕੇ ਦੀ ਵੱਡੀ ਗਿਣਤੀ ਸੰਗਤ ਦੇ ਸ਼ਾਮਲ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਡੱਬਵਾਲੀ ਤੋਂ ਰਵਾਨਗੀ ਉਪਰੰਤ ਲੰਬੀ-ਬਾਦਲ ਜਾਣ ਰੋਸ ਮਾਰਚ ਦਾ ਰਸਤਾ ਵੀ ਰੈਲੀ ਦੇ ਮੁੱਖ ਰਸਤਿਆਂ ਵਾਲਾ ਹੈ। ਅਜਿਹੇ ਵਿੱਚ ਧਾਰਮਿਕ ਭਾਵਨਾਵਾਂ ਵਾਲੇ ਰੋਸ ਮਾਰਚ ਦੇ ਲਾਂਘੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਦੀ ਸੁਰੱਖਿਆ ਵਿਚਕਾਰ ਤਾਲਮੇਲ ਬਿਠਾਉਣ ਲਈ ਸਰਗਰਮੀ ਨਾਲ ਜੁਟੇ ਹਨ। ਉਂਝ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ ਸ਼ਾਂਤਮਈ ਢੰਗ ਨਾਲ ਹੋਣ ਦਾ ਐਲਾਨ ਹੈ। ਸੂਤਰਾਂ ਅਨੁਸਾਰ ਗੈਰ-ਸਮਾਜਿਕ ਅਨਸਰਾਂ ਦੀ ਕਿਸੇ ਅਣਕਿਆਸੀ ਕਾਰਗੁਜ਼ਾਰੀ ਨਾਲ ਨਜਿੱਠਣ ਲਈ ਪੁਲੀਸ ਤੰਤਰ ਤਿੰਨ ਪਰਤੀ ਦਿੱਖ ਅਤੇ ਅਦਿੱਖ ਸੁਰੱਖਿਆ ਪ੍ਰਣਾਲੀ ਵਰਤੇਗਾ। ਰੋਸ ਮਾਰਚ ਦੀਆਂ ਤਿਆਰੀਆਂ: ਅੱਜ ਗੁਰਦੁਆਰਾ ਵਿਸ਼ਵਕਰਮਾ ਵਿਖੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ। ਦਲ ਖਾਲਸਾ ਬਠਿੰਡਾ ਦੇ ਜਨਰਲ ਸਕੱਤਰ ਬਲਕਰਨ ਸਿੰਘ ਖਾਲਸਾ ਨੇ ਦੱਸਿਆ ਕਿ ਮੌਜੂਦਾ ਕੈਪਟਨ ਸਰਕਾਰ ਬੇਅਦਬੀ ਮਸਲੇ ’ਤੇ ਠੋਸ ਕਾਨੂੰਨੀ ਕਾਰਵਾਈ ਦੀ ਬਜਾਇ ਸਿਆਸਤ ਖੇਡ ਰਹੀ ਹੈ। ਢੁਕਵੇਂ ਪ੍ਰਬੰਧ ਕਰਾਂਗੇ: ਐੱਸਐੱਸਪੀ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਐੱਸਐੱਸਪੀ ਮਨਜੀਤ ਸਿੰਘ ਢੇਸੀ ਦਾ ਕਹਿਣਾ ਸੀ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਰੈਲੀ ਦੇ ਸੁਚੱਜੇ ਪ੍ਰਬੰਧਾਂ ਲਈ ਯੋਗ ਰੂਟ ਬਣਾ ਕੇ ਸਾਂਝਾ ਤਾਲਮੇਲ ਬਿਠਾਇਆ ਜਾਵੇਗਾ।