ਪੰਜਾਬ ਕਾਂਗਰਸ ਨੇ ਟਿਕਟਾਂ ਦੇ ਚਾਹਵਾਨਾਂ ਲਈ ਅਰਜੀਆਂ ਦੇਣ ਦੀ ਮਿਆਦ ਵਧਾਈ : ਮਾਈ ਰੂਪ ਕੌਰ

12

January

2021

ਅਮਰਗੜ੍ਹ,12 ਜਨਵਰੀ(ਹਰੀਸ਼ ਅਬਰੋਲ) ਪੰਜਾਬ 'ਚ ਆਉਂਦੀਆਂ ਨਗਰ ਨਿਗਮਾਂ ਅਤੇ ਨਗਰਪਾਲਿਕਾਵਾਂ ਦੀਆਂ ਚੋਣਾਂ ਸਬੰਧੀ ਅਰਜ਼ੀਆਂ ਦੇਣ ਦੀ ਮਿਆਦ ਵਧਾ ਦਿੱਤੀ ਗਈ ਹੈ,ਇਸ ਸੰਬੰਧੀ ਚੋਣ ਕਮੇਟੀ ਦੇ ਮੈਂਬਰ ਮਾਈ ਰੂਪ ਕੌਰ ਬਾਗੜੀਆਂ ਨੇ ਆਪਣੇ ਗ੍ਰਹਿ ਵਿਖੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਕਾਂਗਰਸ ਭਵਨ ਵਿਖੇ ਕਾਂਗਰਸ ਪਾਰਟੀ ਦੁਆਰਾ ਗਠਿਤ ਸੂਬਾ ਪੱਧਰੀ ਚੋਣ ਕਮੇਟੀ ਦੀ ਮੀਟਿੰਗ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਦੀ ਰਹਿਨੁਮਾਈ ਹੇਠ ਹੋਈ।ਮੀਟਿੰਗ ਵਿੱਚ ਲਏ ਗਏ ਫੈਸਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਦਫ਼ਤਰ ਇੰਚਾਰਜ ਪੀਪੀਸੀਸੀ ਕੈਪਟਨ ਸੰਦੀਪ ਸੰਧੂ ਨੇ ਦੱਸਿਆ ਕਿ ਹਲਕਿਆਂ ਵਿੱਚੋ ਟਿਕਟਾਂ ਪਾਉਣ ਦੇ ਚਾਹਵਾਨਾਂ ਵਲੋਂ ਵੱਧ ਚੜ੍ਹ ਕੇ ਮਿਲ ਰਹੇ ਹੁੰਗਾਰੇ ਨੂੰ ਦੇਖਦਿਆਂ ਹੋਇਆਂ ਅਰਜੀਆਂ ਭੇਜਣ ਦੀ ਆਖ਼ਰੀ ਮਿਤੀ 12 ਜਨਵਰੀ ਤੋਂ ਵਧਾ ਕੇ 15 ਜਨਵਰੀ ਕੀਤੀ ਗਈ ਹੈ। ਉਨ੍ਹਾਂ ਅਬਜ਼ਰਵਰਾਂ ਨੂੰ ਕਿਹਾ ਹੈ ਕਿ ਉਹ ਜਿੰਨੀ ਜਲਦੀ ਹੋ ਸਕੇ ਅਰਜੀਆਂ ਜਮਾਂ ਕਰਵਾਉਣ। ਉਨ੍ਹਾਂ ਦੱਸਿਆ ਕਿ ਚੋਣਾਂ ਲੜਨ ਦੇ ਇੱਛੁਕ ਉਮੀਦਵਾਰ ਟਿਕਟਾਂ ਲਈ ਅਬਜ਼ਰਵਰਾਂ ਰਾਹੀਂ ਅਰਜ਼ੀਆਂ ਭੇਜ ਸਕਦੇ ਹਨ ਜਾਂ ਸਿੱਧੇ ਤੌਰ ਤੇ ਸੂਬਾ ਕਮੇਟੀ ਨੂੰ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਵੀ ਅਰਜੀਆਂ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਅਬਜ਼ਰਵਰ ਆਪੋ-ਆਪਣੇ ਹਲਕਿਆਂ ਵਿੱਚ ਜਾ ਕੇ ਮੀਟਿੰਗਾਂ ਕਰ ਆਏ ਹਨ ਅਤੇ ਫੀਡਬੈਕ ਇਹੀ ਆ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਲੋਕਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚੱਲ ਰਹੀ ਪੰਜਾਬ ਸਰਕਾਰ ਨੂੰ ਲੈ ਕੇ ਬਹੁਤ ਸੰਤੁਸ਼ਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਰਿਕਾਰਡ ਤੋੜ ਜਿੱਤ ਪ੍ਰਾਪਤ ਕਰੇਗੀ।ਇਸ ਮੌਕੇ ਭਾਈ ਨਰਪਤ ਸਿੰਘ ਬਾਗੜੀਆਂ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ (ਪੰਜਾਬ ਯੂਥ ਕਾਂਗਰਸ), ਸਿਮਰਜੀਤ ਸਿੰਘ ਸੇਹਕੇ, ਲਾਲ ਸਿੰਘ ਤੋਲੇਵਾਲ,ਕੁਲਵਿੰਦਰ ਸਿੰਘ ਕਿੰਦੀ ਸਾਬਕਾ ਸਰਪੰਚ ਮੰਡਿਆਲਾ ਤੇ ਸਾਬਕਾ ਸਰਪੰਚ ਹਰਮੀਤ ਸਿੰਘ ਚਪੜੌਦਾ ਆਦਿ ਆਗੂ ਹਾਜ਼ਰ ਸਨ।