ਖ਼ੁਦਕੁਸ਼ੀਆਂ ਦੀ ਗੁੱਥੀ ਸੁਲਝਾਉਣ ਲਈ ਅਥਾਹ ਯਤਨਾਂ ਦੀ ਲੋੜ

19

September

2020

ਜ਼ਿੰਦਗੀ ਇੱਕ ਇੱਕ ਵਾਰ ਮਿਲਦੀ ਹੈ ਇਹ ਵਾਰ ਵਾਰ ਨਹੀਂ। ਕੁਝ ਧਾਰਮਿਕ ਵਿਸ਼ਵਾਸਾਂ ਮੁਤਾਬਕ ਚੁਰਾਸੀ ਲੱਖ ਜੂਨਾਂ ਤੋਂ ਬਾਅਦ ਸਾਨੂੰ ਇਹ ਇਨਸਾਨ ਦੀ ਜੂਨ ਨਸੀਬ ਹੁੰਦੀ ਹੈ। ਜ਼ਿੰਦਗੀ ਕਿਨੀਂ ਕੀਮਤੀ ਹੈ ਇਨ੍ਹਾਂ ਗੱਲਾਂ ਤੋਂ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜਨਮ ਤੋਂ ਲੈ ਕੇ ਹਰ ਇਨਸਾਨ ਬਚਪਨ, ਜਵਾਨੀ ਅਤੇ ਬੁਢਾਪੇ ਦੇ ਵੱਖ-ਵੱਖ ਰੰਗ ਮਾਣਦਾ ਹੈ। ਜ਼ਿੰਦਗੀ ਸੁੱਖ ਅਤੇ ਦੁੱਖ ਦਾ ਸੁਮੇਲ ਹੈ। ਜੀਵਨ ਦੇ ਕਿਸੇ ਵੀ ਪੜਾਅ ਤੇ ਇਨਸਾਨ ਦੀ ਮੌਤ ਅਨੇਕਾਂ ਕਾਰਨਾਂ ਜਿਵੇਂ ਕਿਸੇ ਬਿਮਾਰੀ , ਹਾਦਸੇ ਆਦਿ ਕਾਰਨ ਹੋ ਸਕਦੀ ਹੈ। ਪਰ ਖੁਦਕੁਸ਼ੀ ਕਰ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲੈਣਾ ਪੂਰੀ ਤਰ੍ਹਾਂ ਗੈਰਕੁਦਰਤੀ ਅਤੇ ਗੈਰ-ਕਾਨੂੰਨੀ ਹੈ। ਅਸੀਂ ਰੋਜ਼ ਹੀ ਖਬਰਾਂ ਵਿੱਚ ਅਤੇ ਆਪਣੇ ਆਲੇ-ਦੁਆਲੇ ਖੁਦਕੁਸ਼ੀਆਂ ਦੀਆਂ ਗੱਲਾਂ ਸੁਣਦੇ ਹਾਂ। ਆਖਿਰ ਕਿਉਂ ਕੋਈ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਂਦਾ ਹੈ। ਖੁਦਕੁਸ਼ੀ ਪਿੱਛੇ ਕਰਜ਼ਾ, ਪਰੇਸ਼ਾਨੀ, ਕਲੇਸ਼ ਆਦਿ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਕਿਸੇ ਵਿਅਕਤੀ ਦੇ ਕਤਲ ਦੀ ਗੁੱਥੀ ਤਾਂ 24 ਜਾਂ 48 ਘੰਟਿਆਂ ਵਿੱਚ ਸੁਲਝਾ ਲੲੀ ਜਾਂਦੀ ਹੈ ਪਰ ਖੁਦਕੁਸ਼ੀ ਦੀ ਗੁੱਥੀ ਸੁਲਝਾਉਣ ਦਾ ਸ਼ਾਇਦ ਯਤਨ ਹੀ ਨਹੀਂ ਕੀਤਾ ਜਾਂਦਾ। ਮਹਿਜ਼ ਉਸ ਪਿੱਛੇ ਮੋਟੇ ਕਾਰਨ ਜਾਣ ਕੇ ਚੈਪਟਰ ਬੰਦ ਕਰ ਦਿੱਤਾ ਜਾਂਦਾ ਹੈ। ਨਿਤ ਪ੍ਰਤੀ ਦਿਨ ਇਨੀਆਂ ਖੁਦਕੁਸ਼ੀਆਂ ਚਿੰਤਾ ਦਾ ਵਿਸ਼ਾ ਹਨ। ਇਹ ਡੂੰਘੀ ਵਿਚਾਰ ਦੀ ਮੰਗ ਕਰਦੀਆਂ ਹਨ। ਖੁਦਕੁਸ਼ੀਆਂ ਨੂੰ ਰੋਕਣਾ ਪੂਰੇ ਸੰਸਾਰ ਲਈ ਇੱਕ ਬਹੁਤ ਵੱਡੀ ਚੁਣੌਤੀ ਬਣ ਰਿਹਾ ਹੈ । ਖੁਦਕੁਸ਼ੀ ਦੁਨੀਆਂ ਭਰ ਦੇ ਹਰ ਉਮਰ ਵਰਗ ਦੀਆਂ ਮੌਤਾਂ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹੈ । ਇੱਕ ਵਿਅਕਤੀ ਦੇ ਖ਼ੁਦਕੁਸ਼ੀ ਕਰਨ ਨਾਲ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਦੇ ਬਾਕੀ ਜੀਅ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ । ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਸਗੋਂ ਇਸ ਨਾਲ ਮਸਲਾ ਹੋਰ ਗੰਭੀਰ ਹੋ ਜਾਂਦਾ ਹੈ। ਅਲਗ ਅਲਗ ਦੇਸ਼ਾਂ ਵਿਚ ਖੁਦਕੁਸ਼ੀਆਂ ਦੇ ਅਲਗ ਅਲਗ ਕਾਰਨ ਹਨ ਪਰ ਭਾਰਤ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਆਮ ਦੇਖਣ ਨੂੰ ਮਿਲ ਰਹੀਆਂ ਹਨ ਜਿਸ ਦਾ ਮੁੱਖ ਕਾਰਨ ਕਿਸਾਨਾਂ ਦੀ ਆਰਥਿਕ ਮੰਦਹਾਲੀ ਹੈ। ਪੰਜਾਬ ਵਿੱਚ ਖੁਦਕੁਸ਼ੀਆਂ ਦੇ ਹੋਰ ਕਈ ਕਾਰਨ ਆਰਥਿਕ ਦਸ਼ਾ, ਕਰਜ਼ਾ, ਮਾਨਸਿਕ ਤਣਾਅ, ਨਸ਼ਾ, ਘਰੇਲੂ ਕਲੇਸ਼, ਬਿਮਾਰੀਆਂ ਆਦਿ ਵੀ ਹਨ । ਹੁਣ ਇਹ ਵਰਤਾਰਾ ਕਿਸਾਨ ਦੀ ਆਰਥਿਕ ਤੰਗੀ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਹੋਰ ਵਰਗਾਂ ਵਿੱਚ ਵੀ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ । ਪਿਛਲੇ ਸਾਲਾਂ ਦੌਰਾਨ ਤਕਰੀਬਨ ਹਜ਼ਾਰਾਂ ਵਿਦਿਆਰਥੀਆਂ ਵਲੋਂ ਆਪਣਾ ਜੀਵਨ ਆਪਣੇ ਹੱਥੀਂ ਸਮਾਪਤ ਕਰ ਲਿਆ ਗਿਆ । ਭਾਵ ਕਿ ਉਹ ਮਾਨਸਿਕ ਪੀੜ੍ਹਾ ਸਹਿਣ ਨਹੀਂ ਕਰ ਸਕੇ । ਜਿਥੇ ਕਿਸਾਨੀ ਖ਼ੁਦਕੁਸ਼ੀਆਂ ਲੲੀ ਕਿਸਾਨਾਂ ਪ੍ਰਤੀ ਸਰਕਾਰਾਂ ਦੀ ਬੇਰੁੱਖੀ ਵੀ ਜ਼ਿੰਮੇਵਾਰ ਹੈ ਉਥੇ ਖੁਦਕੁਸ਼ੀ ਦਾ ਇਕ ਮੁੱਖ ਕਾਰਨ ਮਾਨਸਿਕ ਤਣਾਅ ਨਾ ਝੱਲ ਸਕਣਾ ਵੀ ਹੈ । ਮਾਨਸਿਕ ਤਣਾਅ ਹੀ ਖੁਦਕੁਸ਼ੀ ਦੇ ਇਰਾਦੇ ਨੂੰ ਦ੍ਰਿੜ ਕਰਦਾ ਹੈ । ਖੁਦਕੁਸ਼ੀ ਕਰਨ ਵਾਲੇ ਵੀ ਆਪਣੀ ਜਾਨ ਲੈਣ ਦੀ ਕਈ ਵਾਰ ਕੋਸ਼ਿਸ਼ ਕਰਦੇ ਹਨ ਤੇ ਜਦੋਂ ਕੋਈ ਰਾਹ ਨੀ ਲੱਭਦਾ ਤਾਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ । ਸਾਇੰਸ ਤਕਨਾਲੋਜੀ ਅਤੇ ਹੋਰ ਸੰਸਾਧਨਾਂ ਨਾਲ ਭਾਵੇਂ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੁੰਦਾ ਜਾ ਰਿਹਾ ਹੈ। ਇਨਸਾਨ ਦੀ ਬਾਹਰੀ ਦਿੱਖ ਭਾਂਵੇਂ ਨਿਖਰਦੀ ਜਾ ਰਹੀ ਹੈ ਪਰ ਪੈਸੇ ਦੀ ਦੌੜ, ਕੰਮਾਂ ਦਾ ਬੋਝ, ਇਕੱਲਤਾ ਨੇ ਉਸ ਨੂੰ ਅੰਦਰੋਂ ਖੋਖਲਾ ਕਰ ਰੱਖਿਆ ਹੈ। ਖੁਦਕੁਸ਼ੀ ਕਰਨ ਦੇ ਹਾਲਾਤ ਇੱਕ ਦਮ ਨਹੀਂ ਪੈਦਾ ਹੁੰਦੇ। ਇਸ ਭਾਂਬੜ ਦੀ ਸ਼ੁਰੂਆਤ ਜਿਸ ਚਿੰਗਾਰੀ ਤੋਂ ਹੁੰਦੀ ਹੈ ਉਸ ਨੂੰ ਠਾਰਨ ਦੀ ਲੋੜ ਹੈ। ਖੁਦਕੁਸ਼ੀਆਂ ਨੂੰ ਠੱਲ੍ਹ ਪਾਉਣ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਅਸੀਂ ਮਾਨਸਿਕ ਤੌਰ ਤੇ ਸਿਹਤਮੰਦ ਹੋਈਏ । ਜੇਕਰ ਸਾਨੂੰ ਕੋਈ ਚਿੰਤਾ ਹੈ ਤਾਂ ਲਾਜ਼ਮੀ ਤੌਰ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਉਸਨੂੰ ਸਾਂਝਾ ਕਰਕੇ ਉਸਦਾ ਹੱਲ ਲੱਭੀਏ । ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਜੇਕਰ ਕੋਈ ਸਾਡਾ ਦੋਸਤ, ਮਿੱਤਰ ਆਪਣਾ ਦੁੱਖ ਜਾਂ ਪ੍ਰੇਸ਼ਾਨੀ ਸਾਡੇ ਨਾਲ ਸਾਂਝੀ ਕਰਦਾ ਹੈ ਤਾਂ ਅਸੀਂ ਉਸਦੀ ਗੱਲ ਧਿਆਨ ਨਾਲ ਸੁਣ ਕੇ ਉਸਦਾ ਹੱਲ ਕੱਢਣ ਵਿਚ ਉਸਦੀ ਪੂਰੀ ਮਦਦ ਕਰੀਏ । ਇਸਤੋਂ ਇਲਾਵਾ ਸਾਨੂੰ ਆਪਣੇ ਪਰਿਵਾਰ ਨਾਲ ਵੀ ਪਿਆਰ ਅਤੇ ਨੇੜਤਾ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਪਰਿਵਾਰ ਰਲ ਕੇ ਵੱਡੇ ਤੋਂ ਵੱਡੇ ਮਸਲੇ ਘਰ ਵਿੱਚ ਹੀ ਹੱਲ ਕਰ ਸਕਦਾ ਹੈ ਜਿਸ ਨਾਲ ਇਸ ਤਰ੍ਹਾਂ ਦੀ ਨੋਬਤ ਤੋਂ ਬਚਾਅ ਹੋ ਸਕਦਾ ਹੈ। ਸਾਨੂੰ ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਖੁਸ਼ੀਆਂ ਮਨਾਉਣ ਦੇ ਨਾਲ ਨਾਲ ਤਕਲੀਫ਼ ਸਹਿਣ, ਜਿੱਤ ਦੇ ਨਾਲ ਨਾਲ ਹਾਰ ਨੂੰ ਸਵੀਕਾਰ ਕਰਨ ਲਈ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਹਮੇਸ਼ਾ ਮੁਸ਼ਕਿਲਾਂ ਤੋਂ ਨਾ ਘਬਰਾਉਣਾ ਦੀ ਸਿਖਿਆ ਦੇਣੀ ਹੈ ਕਿਉਂਕਿ ਮੁਸ਼ਕਿਲਾਂ ਥੋੜ੍ਹਚਿਰੀਆਂ ਹੁੰਦੀਆਂ ਹਨ ਸਮੇਂ ਨਾਲ ਇਨ੍ਹਾਂ ਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭ ਜਾਂਦਾ ਹੈ ਬਸ ਥੋੜੇ ਸਬਰ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਆਪਣੀ ਯੋਗਤਾ ਅਤੇ ਪਹੁੰਚ ਅਨੁਸਾਰ ਕੋਈ ਕੰਮ ਵਿਡਣਾ ਚਾਹੀਦਾ ਹੈ ਤਾਂ ਕਿ ਉਸ ਦੇ ਫਾਇਦੇ ਦੀ ਥਾਂ ਨੁਕਸਾਨ ਨਾ ਉਠਾਉਣਾ ਪਵੇ। ਸਾਨੂੰ ਆਪਣੀ ਹੈਸੀਅਤ ਅਨੁਸਾਰ ਖ਼ਰਚ ਕਰਨਾ ਚਾਹੀਦਾ ਹੈ ਅਤੇ ਫਜ਼ੂਲ ਖਰਚੀ ਤੋਂ ਬਚਣਾ ਚਾਹੀਦਾ ਹੈ। ਮਾੜੇ ਸਮੇਂ ਲਈ ਕੁਝ ਬਚਤ ਦੀ ਆਦਤ ਵੀ ਜ਼ਰੂਰੀ ਹੈ ਤਾਂ ਕਿ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ। ਇਸ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖਕੇ ਜਿਵੇਂ ਚਾਦਰ ਦੇਖ ਕੇ ਪੈਰ ਪਸਾਰਨੇ, ਦੁੱਖ ਨੂੰ ਵੰਡ ਕੇ ਘਟਾਉਣਾ, ਅਸੀਮਤ ਖਵਾਇਸ਼ਾਂ ਨਾ ਪਾਲਣਾ, ਬੁਰੇ ਕੰਮਾਂ ਤੋਂ ਪਰਹੇਜ਼ ਆਦਿ ਗੱਲਾਂ ਪੱਲੇ ਬਨਣ ਦੇ ਨਾਲ ਨਾਲ ਸਾਡਾ ਖੁਸ਼ੀਆਂ ਮਨਾਉਣ ਵਾਂਗ ਦੁੱਖਾਂ ਨੂੰ ਸਹਿਣ ਦੇ ਸਮਰੱਥ ਹੋਣਾ ਜ਼ਰੂਰੀ ਹੈ। ਇਸ ਲਈ ਖੁਦਕੁਸ਼ੀਆਂ ਦੀ ਰੋਕਥਾਮ ਲਈ ਜਿਥੇ ਸਰਕਾਰਾਂ ਨੂੰ ਬਹੁਤ ਸਾਰੇ ਉਪਰਾਲੇ ਕਰਨ ਦੀ ਲੋੜ ਹੈ ਉਥੇ ਸਾਨੂੰ ਆਪਣੇ ਪੱਧਰ ਤੇ ਵੀ ਕੁਝ ਯਤਨ ਕਰਨੇ ਚਾਹੀਦੇ ਹਨ। ਹਰ ਮਸਲੇ ਦਾ ਹੱਲ, ਹੋਵੇਗਾ ਜ਼ਰੂਰ ਅੱਜ ਨਹੀਂ ਤਾਂ ਕੱਲ, ਪਰ ਖੁਦਕੁਸ਼ੀ ਨਹੀਂ ਕਿਸੇ ਵੀ ਮਸਲੇ ਦਾ ਹੱਲ। ਚਾਨਣ ਦੀਪ ਸਿੰਘ ਔਲਖ, ਐਮ. ਏ. ਜਰਨਲਿਜ਼ਮ ਅੈਂਡ ਮਾਸ ਕਮਿਊਨੀਕੇਸ਼ਨ, ਪਿੰਡ ਗੁਰਨੇ ਖੁਰਦ, ਜ਼ਿਲ੍ਹਾ ਮਾਨਸਾ, ਸੰਪਰਕ 9876888177