ਵਿਰੋਧ ਦੇ ਬਾਵਜੂਦ ਵੀ ਕਿਸਾਨਾਂ ਨਾਲ ਵਰਤਿਆ ਭਾਣਾ

19

September

2020

ਜੋ ਪਿਛਲੇ ਦਿਨੀ ਰਾਜ ਸਰਕਾਰਾਂ ਦੀ ਮਿਲੀ ਭੁਗਤ ਨਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਪਿੱਠ ਉੱਤੇ ਛੁਰਾ ਮਾਰਿਆ ਹੈ, ਇਸ ਦਾ ਦਰਦ ਬਹੁਤ ਅਸਹਿ ਸੀ । ਇੱਕ ਕਿਸਾਨ ਪਰਿਵਾਰ ਤੋਂ ਸੰਬੰਧ ਰੱਖਦੀ ਹੋਣ ਕਰਕੇ ਇਸ ਦਰਦ ਨੂੰ ਬਹੁਤ ਹੀ ਨੇੜਿਉਂ ਤੱਕਿਆ ਵੀ ਹੈ ਅਤੇ ਮਹਿਸੂਸ ਵੀ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਆਖਰੀ ਗੱਲਬਾਤ ਵਿੱਚ ਏਦਾਂ ਵੀ ਕਿਹਾ ਸੀ ਕਿ " ਅਜ਼ਾਦੀ ਮੈਨੂੰ ਜਾਨ ਤੋਂ ਪਿਆਰੀ ਹੈ, ਸਿੰਘਾਂ ਦਾ ਝੰਡਾ ਸਦਾ ਉੱਚਾ ਰਹਿਣਾ ਚਾਹੀਦਾ ਹੈ ਇਹ ਮੇਰੀ ਅੰਤਿਮ ਇੱਛਾ ਹੈ। ਓਪਰੇ ਪੰਜਾਬ ਉੱਤੇ ਪੈਰ ਧਰਨਗੇ ਤਾਂ ਮੇਰੀ ਛਾਤੀ ਉੱਤੇ ਧਰਨਗੇ । ਗੈਰਾਂ ਦੇ ਸਾਮ੍ਹਣੇ ਝੁਕਣਾ ਮੇਰੀ ਅਣਖ ਨੂੰ ਵੇਚਣਾ ਹੋਵੇਗਾ। ਤੁਸੀਂ ਕਿਸੇ ਦੇ ਗੁਲਾਮ ਬਣ ਜਾਵੋਂਗੇ ਤਾਂ ਮੇਰੀ ਰੂਹ ਕਲਪੇਗੀ। " ਅੱਜ ਸਚਮੁੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਰੂਹ ਕਲਪ ਰਹੀ ਹੋਵੇਗੀ। ਪਰ ਘਰ ਦਾ ਭੇਤੀ ਲੰਕਾ ਢਾਹੇ ਵਾਲੀ ਗੱਲ ਕਿ ਸਾਡੇ ਆਪਣਿਆਂ ਨੇ ਹੀ ਸਾਡੀ ਪਿੱਠ ਵਿੱਚ ਛੁਰਾ ਮਰਵਾਇਆ ਹੈ। ਅੱਜ ਪੰਜਾਬ ਦੇ ਕਿਸਾਨਾਂ ਦੀ ਹਾਲਾਤ ਅਜਿਹੀ ਹੋਈ ਪਈ ਹੈ ਜਿਵੇਂ ਸਾਡੇ ਨਰਮੇ ਦੀ ਫਸਲ ਨੂੰ ਕਰੰਡ ਹੋ ਗਿਆ ਹੋਵੇ। ਜਿਵੇਂ ਪੱਕੀ ਫਸਲ ਨੂੰ ਵੱਡਣ ਦੀ ਤਿਆਰੀ ਹੋਵੇ ਤੇ ਉੱਤੋਂ ਘਨਘੋਰ ਬੱਦਲ ਛਾਏ ਹੋਣ। ਪੰਜਾਬ ਦੀ ਤਾ੍ਸਦੀ ਰਹੀ ਹੈ ਕਿ ਜਿੰਨਾ ਪੰਜਾਬ ਨੂੰ ਰਲ ਮਿਲ ਕੇ ਬਚਾਉਣਾ ਸੀ, ਉਹ ਪਾਰਟੀਆਂ ਹਰ ਵਾਰ ਦੀ ਤਰ੍ਹਾਂ ਇੱਕ ਦੂਸਰੇ ਨੂੰ ਦੱਬਣ ਦਬਾਉਣ ਵਿੱਚ ਹੀ ਰੁਝੀਆਂ ਰਹੀਆਂ। ਸਿਆਸੀ ਪਾਰਟੀਆਂ ਨੇ ਇੱਕ ਦੂਸਰੇ ਉਪਰ ਬਿਆਨਬਾਜੀ ਕਰਨ ਵਿੱਚ ਵਕਤ ਅਜਾਈ ਕੀਤਾ, ਜਿਸ ਦਾ ਫਾਇਦਾ ਕੇਂਦਰ ਸਰਕਾਰ ਨੇ ਚੰਗੀ ਤਰ੍ਹਾਂ ਚੁਕਿਆ ਅਤੇ ਪੰਜਾਬ ਨੂੰ ਕੰਗਾਲ ਬਣਾਉਣ ਦਾ ਸਫ਼ਰ ਅਾਰੰਭ ਕਰ ਦਿੱਤਾ। ਮੇਰੇ ਦਾਦੀ ਜੀ ਹਮੇਸ਼ਾ ਸਮਝਾਇਆ ਕਰਦੇ ਸਨ ਕਿ ਪੁੱਤਰ ਘਰ ਦੀ ਚਾਰਦੀਵਾਰੀ ਅੰਦਰ ਭਾਵੇਂ ਭਰਾ ਭਰਾ ਲੜ ਲੈਣਾ, ਬਹਿਸ ਵੀ ਕਰ ਲੈਣਾ, ਪਰ ਵੇਖਣਾ ਕਿਤੇ ਇਸ ਦੀ ਭਣਕ ਬਾਹਰ ਵਾਲਿਆਂ ਨੂੰ ਨਾ ਲੱਗੇ, ਨਹੀ ਤਾਂ ਆਪਣਿਆਂ ਵਿੱਚ ਪਈਆਂ ਤਰੇੜਾਂ ਦਾ ਫਾਇਦਾ ਸ਼ਰੀਕ ਚੁੱਕਦੇ ਨੇ। ਇਹੀ ਹਾਲਤ ਪੰਜਾਬ ਦੀ ਹੋਈ, ਸਿਆਸੀ ਪਾਰਟੀਆਂ ਦੀ ਆਪਸੀ ਖੇਹਬਾਜੀ ਦੇ ਕਾਰਨ ਕੇਂਦਰ ਨੇ ਚੰਗਾ ਫਾਇਦਾ ਚੁੱਕਿਆ। ਬੀ. ਜੇ. ਪੀ ਦੇ ਪ੍ਧਾਨ ਅਤੇ ਅੱਛੇ ਦਿਨ ਲਿਆਉਣ ਦਾ ਝੂਠਾ ਵਾਅਦਾ ਕਰੀ ਬੈਠੇ ਮੋਦੀ ਸਾਹਿਬ ਨੇ ਆਪਣੇ ਜਨਮਦਿਨ ਵਾਲੇ ਦਿਨ ਸਮੂਹ ਕਿਸਾਨਾਂ ਨੂੰ ਚੰਗਾ ਝਟਕਾ ਦਿੱਤਾ, ਅਤੇ ਮਗਰੋਂ ਟਵੀਟ ਕਰਕੇ ਇਹ ਵੀ ਕਹਿੰਦੇ ਹਨ ਕਿ ਇਹ ਇੱਕ ਇਤਹਾਸਿਕ ਬਿੱਲ ਪਾਸ ਕੀਤਾ ਗਿਆ ਹੈ ਜੋ ਕਿਸਾਨਾਂ ਨੂੰ ਵਿਚੋਲਿਆਂ, ਆੜਤੀਆਂ ਅਤੇ ਹੋਰ ਬਹੁਤ ਸਾਰੀਆਂ ਰੋਕਾਂ ਤੋ ਮੁਕਤ ਕਰੇਗਾ। ਸੋਚਣ ਵਾਲੀ ਗੱਲ ਇਹ ਹੈ ਕਿ ਮੋਦੀ ਸਾਹਿਬ ਕਿਸਾਨਾਂ ਦੀਆਂ ਦੁਹਾਈਆਂ ਪਤਾ ਨਹੀਂ ਕਿਉਂ ਨਹੀਂ ਸੁਣੀਆਂ... ਕਿਸਾਨ ਵਿਚਾਰਾਂ ਸੜਕਾਂ ਤੇ ਬੈਠਾ ਦੁਹਾਈਆਂ ਦੇ ਰਿਹਾ ਹੈ ਕਿ ਇਹ ਬਿੱਲ ਕਿਸਾਨਾਂ ਦੇ ਹੱਕ ਵਿੱਚ ਨਹੀਂ ਵੇਖਿਓ ਕਿਤੇ ਮੇਰੀ ਰੋਟੀ ਵਿੱਚ ਲੱਤ ਨਾ ਮਾਰਨਾ... ਫਿਰ ਪਤਾ ਨਹੀਂ ਕਿਸ ਅਧਾਰ ਤੇ ਮੋਦੀ ਸਾਹਿਬ ਇਸ ਬਿੱਲ ਦੀ ਅਗਵਾਈ ਕਰ ਰਹੇ ਹਨ। ਹੁਣ ਦੂਸਰਾ ਪੱਖ ਸਾਹਮਣੇ ਰੱਖਣ ਜਾ ਰਹੀ ਹਾਂ ਕਿ ਇੱਕ ਪਾਸੇ ਤਾਂ ਕੇਂਦਰ ਤੇ ਰਾਜ ਸਰਕਾਰਾਂ ਕਰੋਨਾ ਦੀ ਮਹਾਮਾਰੀ ਕਾਰਣ ਭੀੜ ਜਮ੍ਹਾਂ ਹੋਣ ਦੇ ਸਖਤ ਖਿਲਾਫ਼ ਹੈ, ਹਰ ਸ਼ਨੀਵਾਰ, ਅੈਤਵਾਰ ਲੋਕ ਡਾਊਨ ਕੀਤਾ ਜਾਂਦਾ ਹੈ। ਅਤੇ ਅਜਿਹੇ ਨਾਜ਼ੁਕ ਹਲਾਤਾਂ ਵਿੱਚ ਕਿਸਾਨ ਸੜਕਾਂ ਤੇ ਰੁੱਲ ਰਹੇ ਹਨ ਉਹ ਵੀ ਖੁਸ਼ੀ ਨਾਲ ਨਹੀਂ ਮਜਬੂਰੀ ਵੱਸ ਅਤੇ ਮਜਬੂਰ ਕੀਤਾ ਹੈ ਸਰਕਾਰਾਂ ਨੇ। ਜੇਕਰ ਰੱਬ ਨਾ ਕਰੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਕਰੋਨਾ ਦੇ ਮਰੀਜ ਵੱਧਦੇ ਹਨ ਤਾਂ ਉਸਦਾ ਜਿੰਮੇਵਾਰ ਕੋਣ ਹੋਵੇਗਾ? ਰੱਬ ਨਾ ਕਰੇ ਕਿਸੇ ਦੀ ਮੋਤ ਹੁੰਦੀ ਹੈ ਤਾਂ ਕੀ ਸਰਕਾਰਾਂ ਜਿੰਮੇਵਾਰੀ ਚੁੱਕਦੀਆਂ ਹਨ? ਇਹਨਾਂ ਕਿਸਾਨ ਵਿਰੋਧੀ ਬਿੱਲਾਂ ਨੂੰ ਕਰੋਨਾ ਵਰਗੀ ਨਾਜ਼ੁਕ ਹਾਲਾਤ ਵਿੱਚ ਲੈ ਕੇ ਆਉਣਾ ਜ਼ਰੂਰੀ ਸੀ? ਇਸ ਉਪਰੰਤ ਸੋਚਣ ਵਾਲੀ ਗੱਲ ਇਸ ਵੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਤਾਂ ਮੰਡੀਕਰਨ ਵਰਗੇ ਕਾਨੂੰਨ ਹੁੰਦਿਆਂ ਹੋਇਆਂ ਫਸਲਾਂ ਦੇ ਪੂਰੇ ਮੁੱਲ ਨਹੀਂ ਮਿਲਦੇ ਤਾਂ ਇਸ ਕਾਨੂੰਨ ਦੇ ਰੱਦ ਹੋਣ ਤੇ ਕਿੱਥੋਂ ਮਿਲਣਗੇ। ਉਦਾਹਰਣ ਦੇ ਤੌਰ ਤੇ ਹੁਸ਼ਿਆਰਪੁਰ ਦੀ ਇੱਕ ਮੰਡੀ ਵਿੱਚ ਕਿਸਾਨ ਵੀਰਾਂ ਨੂੰ ਮੱਕੀ ਦਾ ਮੁੱਲ 800 ਰੁਪਿਆ ਵੀ ਨਹੀਂ ਮਿਲ ਰਿਹਾ , ਜਦੋ ਕਿ ਇਸ ਫਸਲ ਦਾ ਸਰਕਾਰੀ ਮੁੱਲ 1850ਰੁਪਏ ਹੈ। ਅਜਿਹੇ ਹਾਲਾਤਾਂ ਵਿੱਚ ਵਪਾਰੀਆਂ ਦੀ ਹੇੜ ਦੀ ਹੇੜ ਪੰਜਾਬ ਨੂੰ ਤੋਰ ਰਹੇ ਹਨ ਜੋ ਕਿ ਕਿਸਾਨਾਂ ਨੂੰ ਵੇਚ ਕੇ ਖਾ ਜਾਵਣਗੇ। ਸਰਕਾਰਾਂ ਨੂੰ ਚਾਹੀਦਾ ਸੀ ਕਿ ਕਰੋਨਾ ਵਰਗੀ ਮਾੜੀ ਸਥਿਤੀ ਜਿਸ ਦੌਰਾਨ ਸਭ ਤੋਂ ਵੱਡਾ ਘਾਟਾ ਕਿਸਾਨਾਂ ਨੇ ਸਹਿਆ , ਅਜਿਹੇ ਸਮੇਂ ਵਿੱਚ ਸਰਕਾਰਾਂ ਕੋਈ ਅਜਿਹੇ ਬਿੱਲ ਜਾਂ ਕਾਨੂੰਨ ਪਾਸ ਕਰਦੀਆਂ ਜਿੰਨਾ ਨਾਲ ਕਿਸਾਨਾਂ ਨੂੰ ਰਾਹਤ ਮਿਲਦੀ ਅਤੇ ਮੋਦੀ ਸਾਹਿਬ ਵੀ ਆਪਣੇ ਜਨਮਦਿਨ ਉੱਤੇ ਦੁਆਵਾਂ ਨਾਲ ਝੋਲੀ ਭਰਵਾਉਦੇ, ਪਰ ਇੱਥੇ ਤਾਂ ਖੇਡ ਹੀ ਪੂਰੀ ਉੱਲਟੀ ਹੋ ਗਈ। ਹੁਣ ਇਸਦਾ ਸਾਰਾ ਇਹ ਨਿਕਲਦਾ ਹੈ ਜਦੋਂ ਵੀ ਸਰਕਾਰਾਂ , ਹਾਕਮਾਂ ਦੇ ਵਿਤਕਰੇ ਸਹਿ ਸਹਿ ਕੇ ਪੰਜਾਬੀ ਆਪਣੇ ਹੱਕਾਂ ਲਈ ਜਾਂ ਤਾਂ ਹਥਿਆਰ ਚੁੱਕਦਾ ਹੈ ਜਾਂ ਫਿਰ ਜਾਲਮ ਸਰਕਾਰਾਂ ਦੇ ਮੂੰਹ ਮੋੜਦਾ ਹੈ ਤਾਂ ਫਿਰ ਏਨਾਂ ਸਰਕਾਰਾਂ ਵੱਲੋਂ ਹੀ ਪੰਜਾਬੀਆਂ ਦੇ ਗਲਾਂ ਵਿੱਚ ਆਤੰਕਵਾਦੀਆਂ ਦਾ ਟੈਗ ਪਾ ਦਿੱਤਾ ਜਾਂਦਾ ਹੈ। ਇਹ ਸਰਕਾਰਾਂ ਨੂੰ ਸਮਝਣਾ ਪਵੇਗਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਧੀਆਂ ਪੁੱਤਰ ਹਾਂ ਜਿੰਨਾ ਦਾ ਉਪਦੇਸ਼ ਹੈ ਕਿ "ਨਾ ਜੁਲਮ ਕਰਨਾ ਅਤੇ ਨਾ ਹੀ ਜੁਲਮ ਸਹਿਣਾ। " ਪਰ ਜੇਕਰ ਵਕਤ ਦੀਆਂ ਸਰਕਾਰਾਂ ਆਪਣੀਆਂ ਅਜਿਹੀਆਂ ਕੋਝੀਆਂ ਨੀਤੀਆਂ ਤੋਂ ਬਾਜ ਨਹੀਂ ਆਉਦੀਆਂ ਤਾਂ ਉਸਦੀਆਂ ਜਿੰਮੇਵਾਰ ਉਹ ਖੁਦ ਹੋਣਗੀਆਂ । ਬੇਨਤੀ ਹੈ ਇਸ ਬਿਪਤਾ ਦੀ ਘੜੀ ਵਿੱਚ ਸਾਡਾ ਸਭ ਤੋਂ ਵੱਡਾ ਹਥਿਆਰ ਏਕਤਾ ਹੈ, ਜਰੂਰਤ ਇੱਕ ਜੁੱਟ ਹੋਣ ਦੀ। ਬਿਨਾ ਕਿਸੇ ਬੱਝਵੀ ਆਸ ਤੋਂ ਰਾਜਸ਼ੀ ਪਾਰਟੀਆਂ ਨੂੰ ਵੀ ਬੇਨਤੀ ਹੈ ਕਿ ਸਿਆਸੀ ਰੋਟੀਆਂ ਨਾ ਸੇਕ ਕੇ ਕਿਸਾਨ ਭਰਾਵਾਂ ਦੇ ਇਸ ਦੁੱਖ ਵਿੱਚ ਭਾਈਵਾਲ ਬਣੋ ਅਤੇ ਮੋਢੇ ਨਾਲ ਮੋਢਾ ਜੋੜ "ਮੈਂ ਇਸ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕਰਦਾ ਹਾਂ " ਦੇ ਨਾਅਰੇ ਨੂੰ ਬੁਲੰਦ ਕਰੋ ਹਰਕੀਰਤ ਕੌਰ ਸਭਰਾ 9779118066