ਜਾਂਬਾਜ਼ ਭਾਰਤੀ ਫੌਜ ਦਾ ਹਿੱਸਾ ਕਿਵੇਂ ਬਣੀਏ.....

02

September

2020

ਹਰ ਸਾਲ ਭਾਰਤ ਸਰਕਾਰ ਦੁਆਰਾ ਦੇਸ਼ ਦੀ ਸੁਰੱਖਿਆ ਲਈ ਸਾਰੇ ਰਾਜਾਂ ਵਿੱਚੋਂ ਅਨੁਪਾਤਕ ਵੰਡ ਦੇ ਆਧਾਰ ਤੇ ਜਵਾਨਾਂ ਦੀ ਫੌਜ ਵਿੱਚ ਭਰਤੀ ਕੀਤੀ ਜਾਂਦੀ ਹੈ। ਇਸ ਨੂੰ ਫੌਜੀ ਰੈਲੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦੇਸ਼ ਦੀ ਆਨ-ਬਾਨ-ਸ਼ਾਨ ਨੂੰ ਬਹਾਲ ਰੱਖਣ ਲਈ ਸਭ ਤੋਂ ਵੱਧ ਜ਼ਿੰਮੇਵਾਰੀ ਸਰਹੱਦ ਉੱਪਰ ਤਾਇਨਾਤ ਰਾਖਿਆਂ ਦੀ ਹੁੰਦੀ ਹੈ। ਇਨ੍ਹਾਂ ਨੂੰ ਹਰ ਪੱਖੋਂ ਸ਼ਕਤੀਸ਼ਾਲੀ ਬਣਾਉਣਾ, ਲੋੜੀਂਦਾ ਸਾਜੋ-ਸਮਾਨ ਮੁਹੱਈਆ ਕਰਵਾਉਣਾ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਕਰਨਾ ਸਾਡੇ ਦੇਸ਼ ਦੀ ਸਰਕਾਰ ਦਾ ਮੁੱਢਲਾ ਫਰਜ਼ ਹੈ ਇਸ ਤੋਂ ਇਲਾਵਾ ਦੇਸ਼ ਦੀ ਜਨਤਾ ਦਾ ਸਹਿਯੋਗ ਸਾਡੇ ਜਵਾਨਾਂ ਵਿੱਚ ਦੇਸ਼ ਦੀ ਸੁਰੱਖਿਆ ਲਈ ਜਜ਼ਬੇ ਦੀ ਭਾਵਨਾ ਨੂੰ ਪੈਦਾ ਕਰਦਾ ਹੈ। ਭਾਰਤੀ ਫੌਜ ਵੱਲੋਂ ਭਰਤੀ ਪ੍ਰਕਿਰਿਆ ਲਈ ਵੈੱਬਸਾਈਟ www.joinindianarmy.nic.in ਤੇ ਆਪਣਾ ਇੱਕ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਪੋਰਟਲ ਤੇ ਰਜਿਸਟ੍ਰੇਸ਼ਨ ਕਰਨ ਉਪਰੰਤ ਹੀ ਉਮੀਦਵਾਰ ਭਾਰਤੀ ਫੌਜ ਵਿੱਚ ਭਰਤੀ ਪ੍ਰਕਿਰਿਆ ਦੇ ਯੋਗ ਸਮਝਿਆ ਜਾਂਦਾ ਹੈ। ਇਸ ਪੋਰਟਲ ਤੇ ਉਮੀਦਵਾਰ ਵੱਲੋਂ ਭਰਤੀ ਹੋਣ ਸਰੀਰਕ ਮਾਪਦੰਡ, ਵਿੱਦਿਅਕ ਯੋਗਤਾ, ਰਿਲੇਸ਼ਨ ਸਬੰਧੀ ਦਸਤਾਵੇਜ਼ (ਐਲ.ਡੀ.ਸੀ.), ਰਿਹਾਇਸ਼ ਸਬੰਧੀ ਦਸਤਾਵੇਜ਼ ਅਤੇ ਜਾਤੀ ਨਾਲ ਸੰਬੰਧਤ ਦਸਤਾਵੇਜ਼ ਆਦਿ ਦੀ ਸੂਚਨਾ ਭਰੀ ਜਾਂਦੀ ਹੈ। ਫੌਜ ਵਿੱਚ ਕਮਿਸ਼ਨ ਅਫਸਰ ਬਣਨ ਤੋਂ ਇਲਾਵਾ ਜੇਕਰ ਮੁੱਢਲੇ ਪੱਧਰ ਤੇ ਭਰਤੀ ਹੋਣ ਦੀ ਗੱਲ ਕਰੀਏ ਤਾਂ ਜਨਰਲ ਡਿਊਟੀ ਸਿਪਾਹੀ (ਜੀ.ਡੀ.), ਸੋਲਜਰ ਟੈਕਨੀਕਲ (ਈ.ਐਮ.ਈ.), ਨਰਸਿੰਗ ਅਸਿਸਟੈਂਟ (ਏ.ਐਮ.ਸੀ), ਟ੍ਰੇਡਮੈਨ ਅਤੇ ਸੋਲਜਰ ਕਲਰਕ/ਸਟੋਰਕੀਪਰ ਟੈਕਨੀਕਲ (ਐਸ.ਕੇ.ਟੀ.)ਦੇ ਤੌਰ ਤੇ ਭਰਤੀ ਹੋਇਆ ਜਾ ਸਕਦਾ ਹੈ। ਜਨਰਲ ਡਿਊਟੀ ਸਿਪਾਹੀ(ਜੀ.ਡੀ.)ਲਈ ਭਰਤੀ ਵੇਲੇ ਉਮਰ ਹੱਦ 17 ਸਾਲ 6 ਮਹੀਨੇ ਤੋਂ 21 ਸਾਲ ਤੱਕ ਨਿਸ਼ਚਿਤ ਕੀਤੀ ਗਈ ਹੈ, ਕੱਦ ਘੱਟੋ-ਘੱਟ 170 ਸੈਂਟੀਮੀਟਰ (5 ਫੁੱਟ 7 ਇੰਚ) ਲਾਜ਼ਮੀ ਹੈ, ਇਸ ਤੋਂ ਵੱਧ ਹੋਵੇ ਤਾਂ ਚੰਗਾ ਹੈ। ਛਾਤੀ ਬਿਨਾਂ ਫੁਲਾਏ 77 ਸੈਂਟੀਮੀਟਰ ਅਤੇ ਫੁਲਾ ਕੇ 82 ਸੈਂਟੀਮੀਟਰ ਅਤੇ ਭਾਰ ਘੱਟੋ-ਘੱਟ 50 ਕਿਲੋਗ੍ਰਾਮ ਹੋਣਾ ਚਾਹੀਦਾ ਹੈ।ਜਨਰਲ ਡਿਊਟੀ ਸਿਪਾਹੀ (ਜੀ.ਡੀ.)ਲਈ ਵਿੱਦਿਅਕ ਯੋਗਤਾ ਘੱਟੋ-ਘੱਟ ਦਸਵੀਂ ਪਾਸ ਹੈ। ਦਸਵੀਂ ਘੱਟੋ-ਘੱਟ 45 ਪ੍ਰਤੀਸ਼ਤ ਨੰਬਰਾਂ ਨਾਲ ਪਾਸ ਹੋਵੇ ਅਤੇ ਹਰ ਵਿਸ਼ੇ ਵਿੱਚ ਘੱਟੋ-ਘੱਟ 33 ਪ੍ਰਤੀਸ਼ਤ ਨੰਬਰ ਲਾਜ਼ਮੀ ਹੋਣ। ਸੋਲਜਰ ਟੈਕਨੀਕਲ(ਈ.ਐਮ.ਈ.)ਭਰਤੀ ਹੋਣ ਲਈ ਵਿੱਦਿਅਕ ਯੋਗਤਾ ਬਾਰ੍ਹਵੀਂ ਜਮਾਤ ਵਿਗਿਆਨ (SCIENCE)ਗਰੁੱਪ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਨੰਬਰਾਂ ਨਾਲ ਪਾਸ ਹੋਵੇ। ਹਰ ਇੱਕ ਵਿਸ਼ੇ ਵਿੱਚ ਘੱਟੋ-ਘੱਟ 40 ਪ੍ਰਤੀਸ਼ਤ ਨੰਬਰ ਹੋਣੇ ਲਾਜ਼ਮੀ ਹਨ। ਬਾਰ੍ਹਵੀਂ ਜਮਾਤ ਅੰਗਰੇਜ਼ੀ, ਹਿਸਾਬ, ਫਿਜੀਕਸ ਅਤੇ ਕੈਮਿਸਟਰੀ ਦੇ ਵਿਸ਼ੇ ਨਾਲ ਪਾਸ ਹੋਣੀ ਚਾਹੀਦੀ ਹੈ। ਸੋਲਜਰ ਟੈਕਨੀਕਲ (ਈ.ਐਮ.ਈ.) ਭਾਰਤੀ ਫੌਜ ਨਾਲ ਸਬੰਧਤ ਹਰ ਤਰ੍ਹਾਂ ਦੇ ਮਕੈਨੀਕਲ ਵਿਭਾਗਾਂ (ਜਿਵੇਂ ਹਥਿਆਰਾਂ, ਆਵਾਜਾਈ ਸਾਧਨਾਂ, ਤੋਪਖਾਨੇ) ਵਿੱਚ ਤਕਨੀਕੀ ਫੌਜੀਆਂ ਵਜੋਂ ਕੰਮ ਕਰਦੇ ਹਨ। ਨਰਸਿੰਗ ਅਸਿਸਟੈਂਟ (ਏ.ਐਮ.ਸੀ.) ਭਰਤੀ ਹੋਣ ਲਈ ਵਿੱਦਿਅਕ ਯੋਗਤਾ ਬਾਰ੍ਹਵੀਂ ਜਮਾਤ ਵਿਗਿਆਨ(SCIENCE) ਗਰੁੱਪ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਨੰਬਰਾਂ ਨਾਲ ਪਾਸ ਹੋਵੇ। ਹਰ ਇੱਕ ਵਿਸ਼ੇ ਵਿੱਚ ਘੱਟੋ-ਘੱਟ 40 ਪ੍ਰਤੀਸ਼ਤ ਨੰਬਰ ਹੋਣੇ ਲਾਜ਼ਮੀ ਹਨ। ਬਾਰ੍ਹਵੀਂ ਜਮਾਤ ਅੰਗਰੇਜ਼ੀ, ਫਿਜੀਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਵਿਸ਼ੇ ਨਾਲ ਪਾਸ ਹੋਣੀ ਚਾਹੀਦੀ ਹੈ।ਨਰਸਿੰਗ ਅਸਿਸਟੈਂਟ (ਏ.ਐਮ.ਸੀ.)ਭਾਰਤੀ ਫੌਜ ਨਾਲ ਸਬੰਧਤ ਹਸਪਤਾਲਾਂ ਵਿੱਚ ਡਾਕਟਰਾਂ ਦੇ ਸਹਾਇਕ ਵਜੋਂ ਕੰਮ ਕਰਦੇ ਹਨ। ਟ੍ਰੇਡਮੈਨ ਵਜੋਂ ਵੀਵੱਖ-ਵੱਖ ਕਿੱਤਿਆਂ ਨਾਲ ਸਬੰਧਤ ਮੁਹਾਰਤ ਹਾਸਲ ਨੌਜਵਾਨ ਭਰਤੀ ਹੋ ਸਕਦੇ ਹਨ। ਟ੍ਰੇਡਮੈਨ ਵਿੱਚ ਦਰਜੀ, ਨਾਈ, ਧੋਬੀ, ਸਪੈਸ਼ਲ ਕੁੱਕ, ਸਰਵਿੰਗ ਵੇਟਰ ਆਦਿ ਆਉਂਦੇ ਹਨ।ਜੇਕਰ ਉਮੀਦਵਾਰ ਕੋਲ ਕਿੱਤੇ ਨਾਲ ਸਬੰਧਤ ਕੋਰਸ ਦਾ ਸਰਟੀਫਿਕੇਟ ਹੋਵੇ ਤਾਂ ਇਹ ਉਸ ਲਈ ਸਹਾਇਕ ਸਿੱਧ ਹੁੰਦਾ ਹੈ।ਭਰਤੀ ਹੋਣ ਤੋਂ ਬਾਅਦ ਸਬੰਧਿਤ ਕਿੱਤੇ (Trade Work) ਬਾਰੇ ਫੌਜ ਵੱਲੋਂ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸੋਲਜਰ ਟੈਕਨੀਕਲ (ਈ.ਐਮ.ਈ.),ਨਰਸਿੰਗ ਅਸਿਸਟੈਂਟ (ਏ.ਐਮ.ਸੀ.), ਟ੍ਰੇਡਮੈਨ ਭਰਤੀ ਹੋਣ ਵੇਲੇ ਉਮਰ ਹੱਦ 17 ਸਾਲ 6 ਮਹੀਨੇ ਤੋਂ 23 ਸਾਲ ਤੱਕ ਨਿਸ਼ਚਿਤ ਹੈ। ਸਰੀਰਕ ਮਾਪਦੰਡ ਕੱਦ ਘੱਟੋ-ਘੱਟ 170 ਸੈਂਟੀਮੀਟਰ (5 ਫੁੱਟ 7 ਇੰਚ) ਲਾਜ਼ਮੀ ਹੈ,ਇਸ ਤੋਂ ਵੱਧ ਹੋਵੇ ਤਾਂ ਚੰਗਾ ਹੈ। ਛਾਤੀ ਬਿਨਾਂ ਫੁਲਾਏ 77 ਸੈਂਟੀਮੀਟਰ ਅਤੇ ਫੁਲਾ ਕੇ 82 ਸੈਂਟੀਮੀਟਰ ਅਤੇ ਭਾਰ ਘੱਟੋ-ਘੱਟ 50 ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਸੋਲਜਰਕਲਰਕ/ਸਟੋਰ-ਕੀਪਰ-ਟੈਕਨੀਕਲ(ਐਸ.ਕੇ.ਟੀ.) ਫੌਜ ਦੇ ਵੱਖ-ਵੱਖ ਵਿਭਾਗਾਂ ਵਿੱਚ ਵੀ ਦਫਤਰੀ ਕੰਮ-ਕਾਜ ਦਾ ਲੇਖਾ-ਜੋਖਾ ਕਰਨ ਲਈਅਤੇ ਹਰ ਤਰ੍ਹਾਂ ਦੇ ਲੋੜੀਂਦੇ ਸਾਜੋ-ਸਮਾਨ ਦੀ ਸਾਂਭ-ਸੰਭਾਲ ਰੱਖਣ ਲਈ ਭਰਤੀ ਕੀਤੇ ਜਾਂਦੇ ਹਨ।ਸੋਲਜਰ ਕਲਰਕ/ਸਟੋਰ-ਕੀਪਰ-ਟੈਕਨੀਕਲ(ਐਸ.ਕੇ.ਟੀ.)ਭਰਤੀ ਹੋਣ ਲਈ ਵਿੱਦਿਅਕ ਯੋਗਤਾ ਬਾਰ੍ਹਵੀਂ ਜਮਾਤ ਆਰਟਸ (ARTS),ਕਾਮਰਸ (COMMERCE) ਜਾਂ ਵਿਗਿਆਨ (SCIENCE)ਗਰੁੱਪ ਵਿੱਚ ਘੱਟੋ-ਘੱਟ 60 ਪ੍ਰਤੀਸ਼ਤ ਨੰਬਰਾਂ ਨਾਲ ਪਾਸ ਹੋਵੇ। ਹਰ ਇੱਕ ਵਿਸ਼ੇ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਨੰਬਰ ਹੋਣੇ ਲਾਜ਼ਮੀ ਹਨ। ਬਾਰ੍ਹਵੀਂ ਜਮਾਤ ਅੰਗਰੇਜ਼ੀ, ਹਿਸਾਬ, ਬੁੱਕ ਕੀਪਿੰਗ ਦੇ ਵਿਸ਼ੇ ਨਾਲ ਪਾਸ ਹੋਣੀ ਚਾਹੀਦੀ ਹੈ।ਸੋਲਜਰ ਕਲਰਕ/ਸਟੋਰ-ਕੀਪਰ-ਟੈਕਨੀਕਲ(ਐਸ.ਕੇ.ਟੀ.)ਸਰੀਰਕ ਮਾਪਦੰਡ ਕੱਦ ਘੱਟੋ-ਘੱਟ 162 ਸੈਂਟੀਮੀਟਰ (5 ਫੁੱਟ 2 ਇੰਚ) ਲਾਜ਼ਮੀ ਹੈ,ਇਸ ਤੋਂ ਵੱਧ ਹੋਵੇ ਤਾਂ ਚੰਗਾ ਹੈ। ਛਾਤੀ ਬਿਨਾਂ ਫੁਲਾਏ 77 ਸੈਂਟੀਮੀਟਰ ਅਤੇ ਫੁਲਾ ਕੇ 82 ਸੈਂਟੀਮੀਟਰ ਅਤੇ ਭਾਰ ਘੱਟੋ-ਘੱਟ 50 ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਜਨਰਲ ਡਿਊਟੀ ਸਿਪਾਹੀ (ਜੀ.ਡੀ.), ਸੋਲਜਰ ਟੈਕਨੀਕਲ (ਈ.ਐਮ.ਈ.), ਨਰਸਿੰਗ ਅਸਿਸਟੈਂਟ (ਏ.ਐਮ.ਸੀ), ਟ੍ਰੇਡਮੈਨ, ਸੋਲਜਰ ਕਲਰਕ/ਸਟੋਰਕੀਪਰ ਟੈਕਨੀਕਲ(ਐਸ.ਕੇ.ਟੀ.), ਆਦਿ ਸਾਰੇ ਵਰਗਾਂ ਲਈ ਪਹਿਲੇ ਪੜਾਅ ਵਿੱਚ ਸਰੀਰਕ ਯੋਗਤਾ ਪ੍ਰੀਖਿਆ (Physical Test) ਆਉਂਦੀ ਹੈ ਜਿਸ ਤਹਿਤ ਉਮੀਦਵਾਰ ਨੂੰ 1600 ਮੀਟਰ ਦੌੜ (1.6 km Running) 5 ਮਿੰਟ 15 ਸਕਿੰਟ ਤੋਂ 05 ਮਿੰਟ 45 ਸਕਿੰਟ ਵਿੱਚ ਪੂਰੀ ਕਰਨੀ ਹੁੰਦੀ ਹੈ।05 ਮਿੰਟ 15 ਸਕਿੰਟ ਤੋਂ 30 ਸਕਿੰਟ ਵਿੱਚ ਦੌੜ ਕੱਢਣ ਵਾਲੇ ਦੇ ਮੈਰਿਟ ਵਿੱਚ 60 ਨੰਬਰ ਗਿਣੇ ਜਾਂਦੇ ਹਨ ਅਤੇ 5 ਮਿੰਟ 15 ਸਕਿੰਟ ਤੋਂ ਮਿੰਟ 45 ਸਕਿੰਟ ਵਿੱਚ ਦੌੜ ਕੱਢਣ ਵਾਲੇ ਦੇ ਮੈਰਿਟ ਵਿੱਚ 40 ਨੰਬਰ ਗਿਣੇ ਜਾਂਦੇ ਹਨ। ਇਸ ਤੋਂ ਬਾਅਦ 10 ਬੀਮ (Beam-Pull Ups) ਲਗਵਾਏ ਜਾਂਦੇ ਹਨ ਜਿਸ ਤਹਿਤ 10 ਪੂਰੇ ਬੀਮ ਲਗਾਉਣ ਵਾਲੇ ਦੇ 40 ਨੰਬਰ ਮੈਰਿਟ ਵਿੱਚ ਜੁੜਦੇ ਹਨ ਅਤੇ 07 ਤੋਂ ਘੱਟ ਬੀਮ ਲਗਾਉਣ ਵਾਲਾ ਉਮੀਦਵਾਰ ਅਸਫਲ ਗਿਣਿਆ ਜਾਂਦਾ ਹੈ। ਲੰਮੀ ਛਾਲ (Long Jump)ਜੋ ਕਿ 09 ਫੁੱਟ ਦੀ ਹੁੰਦੀ ਹੈ ਇਸ ਨੂੰ ਪਾਰ ਕਰਨ ਲਈ ਕੇਵਲ 02 ਮੌਕੇ ਹੀ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ ਇੱਕ ਜ਼ਿੱਗ-ਜ਼ੈਗ ਯੋਗਤਾ ਟੈਸਟ (Zig-Zag Balance) ਵੀ ਹੁੰਦਾ ਹੈ ਜਿਸ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਂਦੀ। ਦੂਜੇ ਪੜਾਅ ਵਿੱਚਸਰੀਰਕ ਯੋਗਤਾ ਪ੍ਰੀਖਿਆ ਤੋਂ ਇੱਕ ਜਾਂ ਦੋ ਦਿਨ ਦੇ ਵਕਫੇ ਦੌਰਾਨ ਸਰੀਰਕ ਤੰਦਰੁਸਤੀ ਮੁਆਇਨਾ ਭਾਵ ਕਿ ਮੈਡੀਕਲ ਟੈਸਟ (Medical Test) ਹੁੰਦਾ ਹੈ ਜਿਸ ਤਹਿਤ ਸਰੀਰ ਦੇ ਸਾਰੇ ਅੰਗਾਂ ਦਾ ਚੈੱਕਅੱਪ ਕੀਤਾ ਜਾਂਦਾ ਹੈ। ਸਰੀਰਕ ਤੰਦਰੁਸਤੀ ਮੁਆਇਨੇ ਵਿੱਚ ਖਰਾ ਉਤਰਨ ਵਾਲਾ ਉਮੀਦਵਾਰ ਹੀ ਭਾਰਤੀ ਫੌਜ ਦਾ ਹਿੱਸਾ ਬਣਨ ਲਈ ਯੋਗ ਕਰਾਰ ਦਿੱਤਾ ਜਾਂਦਾ ਹੈ। ਤੀਸਰਾ ਅਹਿਮ ਪੜਾਅ ਵਿੱਦਿਅਕ ਯੋਗਤਾ ਪ੍ਰੀਖਿਆ (Written Test) ਦਾ ਹੁੰਦਾ ਹੈ ਜਿਸ ਵਿੱਚ ਪਾਸ ਹੋਣਾ ਵੀ ਲਾਜ਼ਮੀ ਹੈ।ਵਿੱਦਿਅਕ ਯੋਗਤਾ ਪ੍ਰੀਖਿਆ ਜਨਰਲ ਡਿਊਟੀ ਸਿਪਾਹੀ (ਜੀ.ਡੀ.), ਸੋਲਜਰ ਟੈਕਨੀਕਲ (ਈ.ਐਮ.ਈ.), ਨਰਸਿੰਗ ਅਸਿਸਟੈਂਟ (ਏ.ਐਮ.ਸੀ.), ਟ੍ਰੇਡਮੈਨ, ਸੋਲਜਰ ਕਲਰਕ/ਸਟੋਰਕੀਪਰ ਟੈਕਨੀਕਲ(ਐਸ.ਕੇ.ਟੀ.)ਆਦਿ ਵਰਗਾਂ ਲਈ ਨਿਯਤ ਵੱਖ-ਵੱਖ ਵਿਸ਼ਿਆਂ ਦੇ ਸਿਲੇਬਸ ਦੇ ਆਧਾਰ ਤੇ ਲਈ ਜਾਂਦੀ ਹੈ।ਉਪਰੋਕਤ ਸਾਰੇ ਪੜਾਵਾਂ ਵਿੱਚੋਂ ਸਫਲ ਹੋਣ ਉਪਰੰਤ ਅਸਲ ਦਸਤਾਵੇਜ਼ਾਂ ਦੀ ਪੜਤਾਲ(Document Verification) ਹੁੰਦੀ ਹੈ। ਇਸ ਵਿੱਚ ਉਮੀਦਵਾਰ ਦੀ ਵਿੱਦਿਅਕ ਯੋਗਤਾ, ਜਾਤੀ ਸਰਟੀਫਿਕੇਟਅਤੇ ਭਾਰਤੀ ਗਣਰਾਜ ਦੇ ਨਾਗਰਿਕ ਹੋਣ ਦੇ ਆਦਿ ਸਾਰੇ ਅਸਲ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਂਦੀ ਹੈ। ਸਾਬਕਾ ਫੌਜੀਆਂ ਅਤੇ ਵੀਰ ਨਾਰੀ ਆਸ਼ਰਿਤਾਂ ਨਾਲ ਸਬੰਧਤ ਉਮੀਦਵਾਰਾਂ ਨੂੰ ਸਪੈਸ਼ਲ ਰਿਲੇਸ਼ਨ ਰਿਕਰੂਟਮੈਂਟ ਵੇਲੇ ਸਰੀਰਕ ਮਾਪਦੰਡ ਵਿੱਚ ਨਿਯਤ ਰਿਆਇਤ ਵੀ ਦਿੱਤੀ ਜਾਂਦੀ ਹੈ। ਫੌਜ ਵਿੱਚ ਭਰਤੀ ਹੋਣ ਲਈ ਸਭ ਤੋਂ ਪਹਿਲਾਂ ਜਵਾਨ ਨੂੰ ਫਿਜ਼ੀਕਲ ਫਿਟਨੈੱਸ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਨਾਲ ਹੀ ਉਸ ਨੂੰ ਆਪਣੀ ਪੜ੍ਹਾਈ ਵਿੱਚ ਮਾਅਰਕੇਦਾਰ ਪ੍ਰਾਪਤੀ ਵੀ ਹਾਸਲ ਕਰਨੀ ਚਾਹੀਦੀ ਹੈ ਕਿਉਂਕਿ ਦੇਸ਼ ਦਾ ਰਖਵਾਲਾ ਪੜ੍ਹਿਆ-ਲਿਖਿਆ ਸੂਝਵਾਨ ਹੋਣਾ ਚਾਹੀਦਾ ਹੈ। ਕੋਸ਼ਿਸ਼ ਇਹ ਕਰੋ ਕਿ ਤੁਹਾਨੂੰ ਇੱਕ ਤੋਂ ਵੱਧ ਦੇਸ਼ੀ ਜਾਂ ਵਿਦੇਸ਼ੀ ਭਾਸ਼ਾ ਦਾ ਗਿਆਨ ਹੋਵੇ ਤਾਂ ਜੋ ਤੁਹਾਨੂੰ ਸਰਹੱਦਾਂ ਦੀ ਰਾਖੀ ਵੇਲੇ ਆਪਸੀ ਸੰਚਾਰ ਕਰਨ ਵਿੱਚ ਕੋਈ ਮੁਸ਼ਕਲ ਦਰਪੇਸ਼ ਨਾ ਆਵੇ। ਅੱਜਕਲ੍ਹ ਫੌਜ ਵਿੱਚ ਭਰਤੀ ਹੋਣ ਲਈ ਬਹੁਤ ਸਾਰੀਆਂ ਸਰਕਾਰੀ ਜਾਂ ਅਰਧ-ਸਰਕਾਰੀ ਸੰਸਥਾਵਾਂ ਨੇ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਹੈ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਡਿਪਟੀ-ਕਮਿਸ਼ਨਰਾਂ ਦੀ ਅਗਵਾਈ ਵਿੱਚ ਵੀ ਜ਼ਿਲ੍ਹਿਆਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਭਰਤੀ ਸਿਖਲਾਈ ਕੈਂਪ ਲਗਾਏ ਜਾਂਦੇ ਹਨ। ਕਈ ਸਾਬਕਾ ਫੌਜੀ ਅਫਸਰਾਂ ਦੁਆਰਾ ਪਿੰਡ ਪੱਧਰ ਤੇ ਵੀ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ। ਕੇਂਦਰੀ ਸੈਨਿਕ ਬੋਰਡ ਦੁਆਰਾ ਰਾਜ ਪੱਧਰੀ ਸੈਨਿਕ ਬੋਰਡਾਂ ਦੇ ਅਧੀਨ ਜ਼ਿਲ੍ਹਾ ਪੱਧਰੀ ਸੈਨਿਕ ਬੋਰਡਦੇ ਦਫਤਰਾਂ ਵਿੱਚ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਸੈਂਟਰ ( P.R.T. Centre) ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਯੋਗ ਨੌਜਵਾਨਾਂ ਨੂੰ 40 ਦਿਨਾਂ ਦੇ ਲਈ ਫੌਜ ਅਤੇ ਪੈਰਾ-ਮਿਲਟਰੀ ਫੋਰਸਜ ਵਿੱਚ ਭਰਤੀ ਹੋਣ ਲਈ ਸਿਖਲਾਈ ਕੋਰਸ ਕਰਵਾਇਆ ਜਾਂਦਾ ਹੈ ਜਿਸ ਵਿੱਚ ਫਿਜ਼ੀਕਲ ਫਿਟਨੈੱਸ ਦੇ ਨਾਲ-ਨਾਲ ਵਿੱਦਿਅਕ ਯੋਗਤਾ ਟੈਸਟ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। ਫੌਜ ਵਿੱਚ ਨੌਕਰੀ ਦੀ ਗੱਲ ਕਰੀਏ ਤਾਂ ਇਹ ਕਿਸੇ ਨਿੱਜੀ ਮੁਨਾਫੇ ਤੱਕ ਸਬੰਧਤ ਨਹੀਂ ਹੁੰਦੀ ਇਸ ਨੌਕਰੀ ਲਈ ਸਭ ਤੋਂ ਪਹਿਲਾ ਤੱਥ ਜ਼ਰੂਰੀ ਹੈ ਕਿ ਤੁਹਾਡੇ ਅੰਦਰ ਦੇਸ਼ ਲਈ ਸਮਰਪਣ ਹੋਣ ਦੀ ਭਾਵਨਾ ਪ੍ਰਬਲ ਹੋਵੇ ਅਤੇ ਦੂਜਾ ਤੱਥ ਇਹ ਕਿ ਤੁਸੀ ਆਪਣੀਆਂ ਸਾਰੀਆਂ ਇੱਛਾਵਾਂ ਦਾ ਤਿਆਗ ਕਰਕੇ ਦੇਸ਼ਭਗਤੀ ਦੀ ਭਾਵਨਾ ਨੂੰ ਸਿਰੜ ਵਜੋਂ ਕਾਇਮ ਕਰਕੇ ਹੀ ਭਾਰਤੀ ਫੌਜ ਦਾ ਅਹਿਮ ਹਿੱਸਾ ਬਣੋ। ਅਣਖ, ਸਵੈਮਾਨ ਅਤੇ ਬਲੀਦਾਨ ਦਾ ਪ੍ਰਤੀਕ ਨੌਜਵਾਨ ਹੀ ਭਾਰਤੀ ਫੌਜ ਦਾ ਵਫਾਦਾਰ ਅਤੇ ਜਾਂਬਾਜ਼ ਸਿਪਾਹੀ ਬਣਨ ਦਾ ਨਿਸ਼ਚਾ ਰੱਖਦਾ ਹੈ। ਇੰਸ.ਗੁਰਪ੍ਰੀਤ ਸਿੰਘ ਚੰਬਲ ਜ਼ਿਲ੍ਹਾ ਸੈਨਿਕ ਬੋਰਡ,ਪਟਿਆਲਾ ਸੰਪਰਕ ਨੰ.98881-40052 ਈ-ਮੇਲ:- [email protected]