ਅਜੇ ਵੀ ਅਨਪੜ੍ਹਤਾ ਕਾਰਨ ਗਰੀਬ ਤਬਕਾ ਡਾ.ਅੰਬੇਦਕਰ ਦੀ ਵਿਚਾਰਧਾਰਾ ਤੋਂ ਸੱਖਣਾ : ਦਲਿਤ ਆਗੂ

27

August

2020

ਅਮਰਗੜ੍ਹ 27 ਅਗਸਤ (ਹਰੀਸ਼ ਅਬਰੋਲ ) ਦੱਬੇ-ਕੁਚਲ਼ੇ ਦਲਿਤ ਸਮਾਜ ਦੇ ਲੋਕਾਂ ਨੂੰ ਬਰਾਬਰਤਾ ਦੇ ਹੱਕ ਲੈਣ ਵਾਸਤੇ ਜੁੜਨ ਅਤੇ ਪੜ੍ਹਨ ਦਾ ਸੰਦੇਸ਼ ਗਰੀਬਾਂ ਦੇ ਮਸ਼ੀਹਾ ਡਾ. ਭੀਮ ਰਾਓ ਅੰਬੇਦਕਰ ਜੀ ਵੱਲੋਂ ਦਿੱਤਾ ਗਿਆ ਸੀ ਪਰ ਅੱਜ ਦਲਿਤ ਸਮਾਜ ਨੁੂੰ ਬਰਾਬਰਤਾ ਦੇ ਹੱਕ ਦਿਵਾਉਣ ਲਈ ਜੂਝ ਰਹੀਆਂ ਬਹੁਤ ਸਾਰੀਆਂ ਦਲਿਤ ਜਥੇਬੰਦੀਆਂ ਖੁਦ ਧੜੇਬੰਦੀਆਂ ਵਿੱਚ ਵੰਡੀਆਂ ਪਈਆਂ ਹਨ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੰਬੇਦਕਰ ਮਿਸ਼ਨ ਕਲੱਬ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਕੇਵਲ ਸਿੰਘ ਬਾਠਾਂ ਅਤੇ ਨੌਜਵਾਨ ਆਗੂ ਸਤਨਾਮ ਸਿੰਘ ਜਮਾਲਪੁਰਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਦੋਵਾਂ ਆਗੂਆਂ ਨੇ ਅਫਸੋਸ ਪ੍ਗਟ ਕਰਦੇ ਹੋਏ ਕਿਹਾ ਕਿ ਡਾ. ਅੰਬੇਦਕਰ ਦੀ ਵਿਚਾਰਧਾਰਾ ਨੂੰ ਸਾਡਾ ਪੜਿਆ ਲਿਖਿਆ ਸਮਾਜ ਬਾਕੀ ਭਾਈਚਾਰੇ ਵਿੱਚ ਪ੍ਰਫੁੱਲਤ ਕਰਨ ਵਿੱਚ ਨਾਕਾਮਯਾਬ ਰਿਹਾ ਹੈ,ਏਸੇ ਕਾਰਨ ਹੀ ਅਜੇ ਤੱਕ ਵੀ ਵੱਡੀ ਗਿਣਤੀ ਵਿੱਚ ਅਨਪੜ ਤਬਕਾ ਡਾ.ਅੰਬੇਦਕਰ ਜੀ ਦੀ ਵਿਚਾਰਧਾਰਾ ਤੋਂ ਸੱਖਨਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਕਲੱਬ ਵੱਲੋਂ ਛੇਤੀ ਹੀ ਡਾ.ਅੰਬੇਦਕਰ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ਉਪਰਾਲੇ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੇ ਗਿਆਨ ਦੀਆਂ ਕਿਰਨਾਂ ਨਾਲ਼ ਸਮਾਜ ਅੰਦਰ ਫੈਲੇ ਹਨੇਰੇ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੀਆਂ ਅੰਬੇਦਕਰਵਾਦੀ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਡਾਕਟਰ ਅੰਬੇਦਕਰ ਦੀ ਵਿਚਾਰਧਾਰਾ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਜ਼ਰੂਰਤ ਹੈ ਤਦੇ ਸਾਰਿਆਂ ਨੂੰ ਬਰਾਬਰਤਾ ਦੇ ਹੱਕ ਨਸੀਬ ਹੋ ਸਕਦੇ ਹਨ। ਉਨ੍ਹਾਂ ਸਾਰੀਆਂ ਜਥੇਬੰਦੀਆਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਂਝਾ ਮਿਸ਼ਨ ਆਰੰਭਣ ਦੀ ਅਪੀਲ ਕੀਤੀ।