ਜੇਲ ਵਿਭਾਗ ਦੀ ਨਿਵੇਕਲੀ ਪਹਿਲ ਨੇ ਜੇਲਾਂ ਵਿੱਚ ਰੱਖੜੀ ਦਾ ਤਿਉਹਾਰ ਮਨਾਉਣ ਲਈ ਕੋਵਿਡ ਦੇ ਨੇਮਾਂ ਨੂੰ ਵੀ ਤਿੜਕਣ ਨਾ ਦਿੱਤਾ

04

August

2020

ਚੰਡੀਗੜ, 4 ਅਗਸਤ ਜੇਲ ਵਿਭਾਗ ਦੀ ਨਿਵੇਕਲੀ ਪਹਿਲ ਸਦਕਾ ਅੱਜ ਰੱਖੜੀ ਦੇ ਤਿਉਹਾਰ ਨੂੰ ਮਨਾਉਣ ਲਈ ਕੋਵਿਡ-19 ਦੇ ਚੱਲਦਿਆਂ ਕੈਦੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦਰਮਿਆਨ ਮੋਹ ਦੀਆਂ ਤੰਦਾਂ ਦੇ ਸੁਮੇਲ ਨੂੰ ਯਕੀਨੀ ਬਣਾਉਦਿਆਂ ਇਸ ਮਹਾਂਮਾਰੀ ਕਾਰਨ ਬਣਾਏ ਨੇਮਾਂ ਨੂੰ ਵੀ ਤਿੜਕਣ ਨਹੀਂ ਦਿੱਤਾ। ਕੋਰੋਨਾ ਕਾਰਨ ਭਾਵੇਂ ਰੱਖੜੀ ਦੇ ਤਿਉਹਾਰ ਸਬੰਧੀ ਦਿਸ਼ਾ ਨਿਰਦੇਸ਼ਾਂ ਦੇ ਚੱਲਦਿਆਂ ਕੈਦੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਹਮੋ-ਸਾਹਮਣੇ ਮਿਲਣ ਦੇ ਇਜਾਜ਼ਤ ਨਹੀਂ ਸੀ ਪਰ ਵਿਭਾਗ ਦੀ ਪਹਿਲ ਸਦਕਾ ਸਮੂਹ ਜੇਲਾਂ ਵਿੱਚ ਬੰਦ ਕੈਦੀਆਂ ਨੂੰ ਉਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਭੇਜੀਆਂ ਰੱਖੜੀਆਂ ਦੇ ਪੈਕੇਟ ਤੁਰੰਤ ਪਹੁੰਚਾਏ ਗਏ ਅਤੇ ਇਹ ਤਿਉਹਾਰ ਸੁਚੱਜੇ ਢੰਗ ਨਾਲ ਮਨਾਇਆ ਗਿਆ। ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਵਿਭਾਗ ਦੇ ਇਸ ਉਦਮ ਦੀ ਸਫਲਤਾ ਉਤੇ ਸਮੂਹ ਜੇਲ ਪ੍ਰਸ਼ਾਸਨ ਨੂੰ ਮੁਬਾਰਕਬਾਦ ਦਿੱਤੀ ਗਈ ਜਿਨਾਂ ਸਦਕਾ ਕੋਵਿਡ ਬੰਦਿਸ਼ਾਂ ਦੇ ਬਾਵਜੂਦ ਕੈਦੀ ਅਤੇ ਉਨਾਂ ਦੇ ਪਰਿਵਾਰਕ ਮੈਂਬਰ ਇਸ ਤਿਉਹਾਰ ਨੂੰ ਮਨਾਉਣ ਦੇ ਕਾਬਲ ਹੋ ਸਕੇ। ਇਸ ਦੇ ਨਾਲ ਹੀ ਕੋਵਿਡ ਦੇ ਇਹਤਿਆਤਾਂ ਦਾ ਪੂਰੀ ਤਰਾਂ ਪਾਲਣ ਵੀ ਕੀਤਾ ਗਿਆ। ਏ.ਡੀ.ਜੀ.ਪੀ. ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਅੱਗੇ ਦੱਸਿਆ ਕਿ ਜੇਲ ਸੁਪਰਡੈਂਟਾਂ ਨੂੰ ਪਹਿਲਾਂ ਹੀ ਜਾਰੀ ਕੀਤੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਸਾਰੀਆਂ ਜੇਲਾਂ ਦੇ ਬਾਹਰੀ ਗੇਟਾਂ ਉਤੇ ਰੱਖੜੀਆਂ ਸਵੇਰੇ 8.30 ਵਜੇ ਤੋਂ ਹੀ ਪ੍ਰਾਪਤ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੇਟਾਂ ਦੇ ਬਾਹਰ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਲਈ ਬੈਠਣ ਅਤੇ ਪੀਣ ਵਾਲੇ ਪਾਣੀ ਦੇ ਨਾਲ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਸੀ। ਉਨਾਂ ਅੱਗੇ ਦੱਸਿਆ ਕਿ ਮਾਸਕ ਪਹਿਨਣੇ ਯਕੀਨੀ ਬਣਾਉਣ ਤੇ ਸਮਾਜਿਕ ਵਿੱਥ ਦਾ ਵੀ ਖਿਆਲ ਰੱਖਿਆ ਗਿਆ। ਰੱਖੜੀ ਦੇ ਪੈਕੇਟਾਂ ਨੂੰ ਸੈਨੇਟਾਈਜ਼ ਅਤੇ ਚੈਕਿੰਗ ਤੋਂ ਬਾਅਦ ਪੈਕਿੰਗ ਕਰਕੇ ਅੰਦਰ ਕੈਦੀਆਂ ਕੋਲ ਤੁਰੰਤ ਭੇਜਿਆ ਗਿਆ। ਜੇਲ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਪੈਕੇਟ ਲਿਫਾਫਿਆਂ ਤੋਂ ਇਲਾਵਾ ਮੰੂਹ ਮਿੱਠਾ ਕਰਵਾਉਣ ਲਈ ਮਿਸ਼ਰੀ ਦਾ ਵੀ ਪ੍ਰਬੰਧ ਕੀਤਾ ਗਿਆ ਕਿਉਕਿ ਮਠਿਆਈ ਲਿਆਉਣ ਉਤੇ ਪਾਬੰਦੀ ਲਗਾਈ ਹੋਈ ਸੀ।