ਪਰਸ਼ੂਰਾਮ ਪਾਰਕ ਉਸਾਰੀ ਲਈ ਮਿਲੀ 5 ਲੱਖ ਦੀ ਗਰਾਂਟ ‘ਖ਼ੁਰਦ-ਬੁਰਦ’

10

June

2019

ਫ਼ਤਹਿਗੜ੍ਹ ਸਾਹਿਬ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਿਛਲੀ ਸਰਕਾਰ ਦੌਰਾਨ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਨੂੰ ਭਗਵਾਨ ਪਰਸ਼ੂਰਾਮ ਪਾਰਕ ਬਣਾਉਣ ਲਈ 5 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ ਪਰ ਹੁਣ ਤੱਕ ਇਹ ਪਾਰਕ ਹੋਂਦ ਵਿਚ ਨਹੀਂ ਆਇਆ ਅਤੇ ਰਾਸ਼ੀ ਕਾਗ਼ਜ਼ਾਂ ਵਿਚ ਖ਼ਰਚ ਹੋ ਚੁੱਕੀ ਹੈ। ਇਸ ਸਬੰਧ ਵਿਚ ਆਰਟੀਆਈ ਐਕਟੀਵਿਸਟ ਨਰਿੰਦਰ ਕੁਮਾਰ ਸਿਆਲ ਨੇ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਲਿਖੇ ਪੱਤਰ ਵਿਚ ਇਸ ਮਾਮਲੇ ਵਿਚ ਕਸੂਰਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੇ ਇਹ ਰਾਸ਼ੀ 25 ਅਕਤੂਬਰ 2005 ਨੂੰ ਆਪਣੇ ਪੱਤਰ ਨੰਬਰ 943 ਰਾਹੀ ਨਗਰ ਕੌਂਸਲ ਸਰਹਿੰਦ ਨੂੰ ਜਾਰੀ ਕੀਤੀ ਸੀ ਅਤੇ ਇਸ ਪਾਰਕ ਦੀ ਉਸਾਰੀ ਦਾ ਕੰਮ ਵਰਕ ਆਰਡਰ ਨੰਬਰ-8 ਮਿਤੀ 10 ਜਟਵਰੀ 2006 ਰਾਹੀ ਮੰਡੀ ਗੋਬਿੰਦਗੜ੍ਹ ਲੇਬਰ ਅਤੇ ਕੰਸਟਰੱਕਸ਼ਨ ਸੁਸਾਇਟੀ ਨੂੰ ਅਲਾਟ ਕੀਤਾ ਗਿਆ ਸੀ। ਨਗਰ ਕੌਂਸਲ ਨੇ ਇਸ ਗਰਾਂਟ ਦਾ ‘ਵਰਤੋਂ ਸਰਟੀਫਿਕੇਟ’ ਵੀ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੂੰ 3 ਅਕਤੂਬਰ 2007 ਨੂੰ ਦੇ ਦਿੱਤਾ ਸੀ ਜਿਸ ਮੁਤਾਬਿਕ ਇਸ ਪਾਰਕ ਉਪਰ 4 ਲੱਖ 79 ਹਜ਼ਾਰ 613 ਰੁਪਏ ਦੀ ਰਾਸ਼ੀ ਖ਼ਰਚ ਕੀਤੀ ਗਈ ਵਿਖਾਈ ਗਈ ਸੀ। ਇਸ ਮਾਮਲੇ ਦੀ ਵੱਖ-ਵੱਖ ਅਫ਼ਸਰਾਂ ਵਲੋਂ ਕੀਤੀ ਜਾਂਚ ਬਾਅਦ ਇਹ ਪੜਤਾਲ ਆਈਏਐੱਸ ਰਿਟ. ਅਮਰਜੀਤ ਸਿੰਘ ਗੁਲਾਟੀ ਨੂੰ ਦਿੱਤੀ ਗਈ ਜਿਨ੍ਹਾਂ ਨੇ 10 ਜਲਵਰੀ 2013 ਨੂੰ ਸਥਾਨਕ ਸਰਕਾਰਾਂ ਦੇ ਡਾਇਰੈਕਟਰ ਨੂੰ ਰਿਪੋਰਟ ਭੇਜ ਦਿੱਤੀ ਸੀ। ਪੰਜਾਬ ਮਿਉਂਸਪਲ ਐਕਟ 1930 ਦੀ ਧਾਰਾ 17.18 ਅਧੀਨ 1 ਹਜ਼ਾਰ ਰੁਪਏ ਤੋਂ ਵੱਧ ਰਕਮ ਦੇ ਗ਼ਬਨ ਕੇਸ ਵਿਚ ਐਫ.ਆਈ.ਆਰ. ਦਰਜ ਕਰਵਾਉਣੀ ਹੁੰਦੀ ਹੈ ਪਰ 6 ਸਾਲ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਸ੍ਰੀ ਸਿਆਲ ਨੇ ਮੰਗ ਕੀਤੀ ਕਿ ਕਾਰਵਾਈ ਨਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਨਗਰ ਕੌਂਸਲ ਪ੍ਰਧਾਨ ਦਾ ਪੱਖ ਨਗਰ ਕੌਂਸਲ ਦੇ ਪ੍ਰਧਾਨ ਸ਼ੇਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ 31 ਅਗਸਤ 2015 ਨੂੰ ਮਤਾ ਨੰਬਰ 47 ਵਿਚ ਇਸ ਮਾਮਲੇ ਲਈ ਕਸੂਰਵਾਰ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਬਾਰੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ ਪਰ ਹੁਣ ਤੱਕ ਮੁਕੱਦਮਾ ਦਰਜ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਵਿੱਚ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਅਧਿਕਾਰੀ ਇਸ ਮਾਮਲੇ ਬਾਰੇ ਟਾਲਮਟੋਲ ਕਰਦੇ ਆ ਰਹੇ ਹਨ।