ਮੇਅਰ ਰਾਜੇਸ਼ ਕਾਲੀਆ ‘ਮਾਣ-ਸਨਮਾਨ’ ਤੋਂ ਵਾਂਝੇ

06

June

2019

ਚੰਡੀਗੜ੍ਹ, ਚਾਹ ਵੇਚਣ ਵਾਲੇ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਬਣਾਉਣ ਵਾਲੀ ਭਾਜਪਾ ਨੂੰ ਕਾਗਜ਼ ਚੁੱਗਣ ਵਾਲੇ ਰਾਜੇਸ਼ ਕਾਲੀਆ ਦੀ ਮੇਅਰਸ਼ਿਪ ਹਜ਼ਮ ਨਹੀਂ ਹੋ ਰਹੀ। ਨਿਗਮ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਕਈ ਮਾਮਲਿਆਂ ਵਿਚ ਸ੍ਰੀ ਕਾਲੀਆ ਨੂੰ ਕਥਿਤ ਤੌਰ ’ਤੇ ਜ਼ਲੀਲ ਕਰ ਚੁੱਕੇ ਹਨ। ਦਲਿਤ ਵਰਗ ਨਾਲ ਸਬੰਧਤ ਸ੍ਰੀ ਕਾਲੀਆ ਨੂੰ ਜਦੋਂ ਜਨਵਰੀ ਵਿਚ ਭਾਜਪਾ ਨੇ ਮੇਅਰ ਦਾ ਉਮੀਦਵਾਰ ਐਲਾਨਿਆ ਸੀ ਤਾਂ ਉਸ ਵੇਲੇ ਕਈਆਂ ਦੇ ਢਿੱਡੀਂ ਪੀੜਾਂ ਉੱਠੀਆਂ ਸਨ। ਇਸ ਤੋਂ ਪਹਿਲਾਂ ਜਦੋਂ ਭਾਜਪਾ ਦੇ ਹੀ ਮੇਅਰ ਅਰੁਣ ਸੂਦ ਅਤੇ ਆਸ਼ਾ ਜਸਵਾਲ ਆਦਿ ਹੁੰਦੇ ਸਨ ਤਾਂ ਉਨ੍ਹਾਂ ਦੀ ਸ਼ਾਨ ਹੀ ਵੱਖਰੀ ਹੁੰਦੀ ਸੀ। ਇਸ ਦੇ ਉਲਟ ਸ੍ਰੀ ਕਾਲੀਆ ਨੂੰ ਪਾਰਟੀ ਆਪਣੇ ਸਮਾਗਮਾਂ ਵਿਚ ਵੀ ਅੱਖੋਂ ਪਰੋਖੇ ਕਰਦੀ ਆ ਰਹੀ ਹੈ। ਸ੍ਰੀ ਕਾਲੀਆ ਗਰੀਬ ਦਲਿਤ ਪਰਿਵਾਰ ਵਿਚੋਂ ਹਨ। ਉਹ ਆਪਣੀ ਸਕੂਲੀ ਪੜ੍ਹਾਈ ਦੇ ਖਰਚੇ ਦਾ ਜੁਗਾੜ ਕਾਗਜ਼ ਚੁੱਗ ਕੇ ਕਰਦੇ ਸਨ। ਲੋਕ ਸਭਾ ਦੀਆਂ ਚੋਣਾਂ ਦੌਰਾਨ ਜਦੋਂ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੰਡੀਗੜ੍ਹ ਵਿਚ ਰੈਲੀਆਂ ਹੋਈਆਂ ਸਨ ਤਾਂ ਪੁਰਾਣੀ ਮਰਿਆਦਾ ਅਨੁਸਾਰ ਭਾਜਪਾ ਦੇ ਬੈਨਰਾਂ ਉਪਰ ਸ੍ਰੀ ਕਾਲੀਆ ਦੀ ਤਸਵੀਰ ਤਕ ਨਹੀਂ ਲਗਾਈ ਗਈ ਸੀ ਅਤੇ ਸੰਸਦ ਮੈਂਬਰ ਕਿਰਨ ਖੇਰ ਸਮੇਤ ਕਿਸੇ ਹੋਰ ਆਗੂ ਨੇ ਉਨ੍ਹਾਂ ਦਾ ਨਾਮ ਲੈਣਾ ਵੀ ਵਾਜਬ ਨਹੀਂ ਸਮਝਿਆ ਸੀ। ਸ੍ਰੀ ਕਾਲੀਆ ਨੇ ਚੋਣ ਪ੍ਰਕਿਰਿਆ ਚਲਦੀ ਹੋਣ ਕਾਰਨ ਪਾਰਟੀ ਦੇ ਹਿੱਤ ਵਿਚ ਬੜੇ ਸੰਕੋਚ ਵਿਚ ਰਹਿ ਕੇ ਰੋਸ ਜ਼ਾਹਿਰ ਕੀਤਾ ਸੀ। ਜਿੱਤ ਤੋਂ ਬਾਅਦ ਪਿੱਛਲੇ ਦਿਨੀਂ ਜਦੋਂ ਭਾਜਪਾ ਨੇ ਸੈਕਟਰ-34 ਵਿਚ ਧੰਨਵਾਦੀ ਰੈਲੀ ਕੀਤੀ ਤਾਂ ਹੋਰਨਾਂ ਆਗੂਆਂ ਦੀਆਂ ਤਸਵੀਰਾਂ ਨਾਲ ਸ੍ਰੀ ਕਾਲੀਆ ਦੀ ਤਸਵੀਰ ਲਾਉਣੀ ਵਾਜਬ ਨਹੀਂ ਸਮਝੀ। ਇਸ ਰੈਲੀ ਵਿਚ ਸ੍ਰੀ ਕਾਲੀਆ ਆਪਣੇ ਆਪ ਨੂੰ ਰੋਕ ਨਾ ਸਕੇ ਅਤੇ ਉਹ ਰੈਲੀ ਵਿਚੋਂ ਵਾਕਆਊਟ ਕਰ ਗਏ। ਇਸੇ ਤਰ੍ਹਾਂ ਜਦੋਂ ਮੇਅਰ ਬਣਨ ਤੋਂ ਬਾਅਦ ਸ੍ਰੀ ਕਾਲੀਆ ਨੇ ਪਹਿਲੇ ਮੇਅਰਾਂ ਵਾਂਗ ਆਪਣੇ ਮੇਅਰ ਹਾਊਸ ਲਈ ਫਰਨੀਚਰ ਤੇ ਮੋਬਾਈਲ ਫੋਨ ਦੀ ਮੰਗ ਕੀਤੀ ਸੀ ਤਾਂ ਉਸ ਵੇਲੇ ਵੀ ਅਧਿਕਾਰੀਆਂ ਨੇ ਕਾਨੂੰਨ ਦੀਆਂ ਕਿਤਾਬਾਂ ਦੇ ਹਵਾਲੇ ਦੇ ਕੇ ਕਿਹਾ ਸੀ ਕਿ ਉਹ ਇਹ ਸਭ ਕੁਝ ਮੰਗਣ ਦੇ ਕਾਬਲ ਹੀ ਨਹੀਂ ਹਨ। ਰੌਚਕ ਗੱਲ ਇਹ ਹੈ ਕਿ ਜਿਹੜੇ ਅਧਿਕਾਰੀ ਪਹਿਲੇ ਮੇਅਰਾਂ ਦੀ ‘ਟਹਿਲ ਸੇਵਾ’ ਵਿਚ ਲੱਗੇ ਰਹਿੰਦੇ ਸਨ, ਹੁਣ ਉਹੋ ਹੀ ਇਕ ਦਲਿਤ ਮੇਅਰ ਨੂੰ ਕਾਨੂੰਨ ਦਾ ਪਾਠ ਪੜ੍ਹਾ ਰਹੇ ਸਨ। ਨਿਗਮ ਦੇ ਅਧਿਕਾਰੀ ਵੀ ਸ੍ਰੀ ਕਾਲੀਆ ਨੂੰ ਮੇਅਰ ਦੇ ਰੁਤਬੇ ਦਾ ਮਾਣ ਦੇਣ ਵਿਚ ਕਥਿਤ ਤੌਰ ’ਤੇ ਹੱਤਕ ਮਹਿਸੂਸ ਕਰਦੇ ਹਨ। ਅੱਜ ਨਿਗਮ ਦਫਤਰ ਵਿੱਚ ਸ੍ਰੀ ਕਾਲੀਆ ਹੇਠਲੀ ਮੰਜ਼ਿਲ ਤੋਂ ਪੰਜਵੀਂ ਮੰਜ਼ਿਲ ’ਤੇ ਸਥਿਤ ਆਪਣੇ ਦਫਤਰ ਜਾਣ ਲਈ ਲਿਫਟ ਵਿਚ ਚੜ੍ਹੇ ਅਤੇ ਉਨ੍ਹਾਂ ਨਾਲ ਕੋਈ ਲਿਫਟ ਅਪਰੇਟਰ ਨਹੀਂ ਸੀ। ਇਸ ਦੌਰਾਨ ਕਈ ਅਧਿਕਾਰੀ ਲਿਫਟ ਵਿਚ ਚੜ੍ਹੇ ਪਰ ਕਿਸੇ ਨੇ ਵੀ ਮੇਅਰ ਨੂੰ ਅਦਬ ਨਾਲ ਬੁਲਾਉਣ ਦੀ ਲੋੜ ਨਹੀਂ ਸਮਝੀ ਅਤੇ ਮੇਅਰ ਲਿਫਟ ਦੀ ਨੁੱਕਰ ਵਿਚ ਲੱਗ ਕੇ ਖੜ੍ਹੇ ਸਨ। ਮੇਅਰ ਦੀ ਚੋਣ ਵੇਲੇ ਕਈ ਭਾਜਪਾ ਦੇ ਕੌਸਲਰਾਂ ਨੇ ਕਰਾਸ ਵੋਟਿੰਗ ਕਰਕੇ ਸ੍ਰੀ ਕਾਲੀਆ ਦੇ ਵਿਰੁੱਧ ਵੋਟਾਂ ਪਾਈਆਂ ਸਨ ਪਰ ਪਾਰਟੀ ਨੇ ਅੱਜ ਤਕ ਪਾਰਟੀ ਦੇ ਉਮੀਦਵਾਰ ਵਿਰੁੱਧ ਵੋਟਾਂ ਪਾਉਣ ਵਾਲੇ ਕੌਸਲਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਮੇਅਰ ਨੇ ਆਪਣੀ ਬੇਵਸੀ ਬਿਆਨੀ ਮੇਅਰ ਰਾਜੇਸ਼ ਕਾਲੀਆ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਹੁਦਾ ਸਾਂਭਣ ਤੋਂ ਬਾਅਦ ਦਫਤਰੀ ਵਰਤੋਂ ਲਈ ਮੋਬਾਈਲ ਫੋਨ ਮੰਗਿਆ ਤਾਂ ਅਧਿਕਾਰੀਆਂ ਨੇ ਕਈ ਸਵਾਲ ਕੀਤੇ ਅਤੇ ਜ਼ਲੀਲ ਕਰਨ ਤੋਂ ਬਾਅਦ ਮੋਬਾਈਲ ਫੋਨ ਦਿੱਤਾ। ਉਨ੍ਹਾਂ ਕਿਹਾ ਕਿ ਅਧਿਕਾਰੀ ਉਨ੍ਹਾਂ ਨੂੰ ਅਹੁਦੇ ਅਨੁਸਾਰ ਮਾਣ ਦੇਣ ਨੂੰ ਆਪਣੀ ਹੱਤਕ ਮੰਨਦੇ ਹਨ। ਸ੍ਰੀ ਕਾਲੀਆ ਨੇ ਕਿਹਾ ਕਿ ਉਹ ਅੱਜ ਵੀ ਆਪਣੇ ਐਕਟੀਵਾ ਸਕੂਟਰ ’ਤੇ ਹੀ ਘੁੰਮ ਕੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਭਾਜਪਾ ਦੀ ਧੰਨਵਾਦੀ ਰੈਲੀ ਵਿਚੋਂ ਵਾਕਆਊਟ ਕਰ ਗਏ ਸਨ ਤਾਂ ਪਾਰਟੀ ਦੇ ਕੌਮੀ ਆਗੂ ਪ੍ਰਭਾਤ ਝਾਅ ਦਾ ਫੋਨ ਆਉਣ ਕਾਰਨ ਉਨ੍ਹਾਂ ਨੂੰ ਰੈਲੀ ਵਿਚ ਜਾਣਾ ਪਿਆ ਸੀ। ਅਖੀਰ ’ਚ ਸ੍ਰੀ ਕਾਲੀਆ ਨੇ ਆਪਣੀ ਬੇਵਸੀ ਬਿਆਨ ਕਰਦਿਆਂ ਕਿਹਾ ‘ਛੱਡੋ ਜੀ, ਜਿਹੜੀ ਪਾਰਟੀ ਨੇ ਇਕ ਕਾਗਜ਼ ਚੁਗਣ ਵਾਲੇ ਨੂੰ ਮੇਅਰ ਬਣਾ ਦਿੱਤਾ, ਉਹ ਜ਼ਲੀਲ ਹੋਣ ਦੇ ਬਾਵਜੂਦ ਵੀ ਪਾਰਟੀ ਵਿਰੁੱਧ ਨਹੀਂ ਬੋਲ ਸਕਦਾ।’