ਪਾਣੀ ਦੀ ਕਿੱਲਤ ਕਾਰਨ ਰੋਹ ਵਿਚ ਆਏ ਲੋਕਾਂ ਵੱਲੋਂ ਘੜਾ ਭੰਨ੍ਹ ਪ੍ਰਦਰਸ਼ਨ

03

June

2019

ਚੰਡੀਗੜ੍ਹ, ਇਥੋਂ ਦੇ ਪਿੰਡ ਦੜੂਆ ਦੇ ਵਸਨੀਕਾਂ ਨੇ ਪਿੰਡ ਵਿੱਚ ਜਲ ਕਿੱਲਤ ਕਾਰਨ ਅੱਜ ਨਗਰ ਨਿਗਮ ਵਿਰੁੱਧ ਘੜਾ ਤੋੜ ਪ੍ਰਦਸ਼ਨ ਕੀਤਾ। ਪਿੰਡ ਵਾਸੀਆਂ ਨੇ ਸਵੇਰੇ ਸਥਾਨਕ ਰੇਲਵੇ ਸਟੇਸ਼ਨ ਦੇ ਸਾਹਮਣੇ ਨਿਗਮ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਨਿਗਮ ਦੇ ਜਨ ਸਿਹਤ ਵਿਭਾਗ ਦੇ ਐੱਸਡੀਓ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ। ਐੱਸਡੀਓ ਨੇ ਦੱਸਿਆ ਕਿ ਪਿੰਡ ਨੂੰ ਪਾਣੀ ਦੀ ਸਪਲਾਈ ਕਰਨ ਵਾਲੀ ਪਾਈਪਲਾਈਨ ਵਿੱਚ ਮਨੀਮਾਜਰਾ ਨੇੜੇ ਨੁਕਸ ਪੈਣ ਕਾਰਨ ਇਹ ਸਮੱਸਿਆ ਪੇਸ਼ ਆਈ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਪਾਈਪਲਾਈਨ ਦੀ ਮੁਰੰਮਤ ਕੀਤੀ ਜਾ ਰਹੀ ਅਤੇ ਛੇਤੀ ਹੀ ਜਲ ਸਪਲਾਈ ਸੁਚਾਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਪਾਣੀ ਦੀ ਕਿਲੱਤ ਵਾਲੇ ਇਲਾਕਿਆਂ ਨੂੰ ਨਗਰ ਨਿਗਮ ਵਲੋਂ 2014 ਤੋਂ ਪਾਣੀ ਦੇ ਪੱਕੇ ਕੁਨੈਕਸ਼ਨ ਦਿੱਤੇ ਹੋਏ ਸਨ। ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਦੜੂਆ ਦੇ ਬਾਹਰੀ ਇਲਾਕਿਆਂ ਵਿੱਚ ਪਿਛਲੇ ਕਈਂ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਬਣੀ ਹੋਈ ਹੈ। ਪਿੰਡ ਵਾਸੀ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਪਿੰਡਾਂ ਨੂੰ ਵਿਕਾਸ ਦਾ ਭਰੋਸਾ ਦੇ ਕੇ ਨਗਰ ਨਿਗਮ ਵਿੱਚ ਸ਼ਾਮਲ ਤਾਂ ਕਰ ਲਿਆ ਹੈ ਪਰ ਨਿਗਮ ਨੇ ਪਿੰਡ ਦੀ ਸਾਰ ਨਹੀਂ ਲਈ ਅਤੇ ਪਿੰਡ ਵਾਸੀ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਟਿਊਬਵੈੱਲਾਂ ਦਾ ਪਾਣੀ ਸੈਕਟਰ-26 ਨੂੰ ਸਪਲਾਈ ਕੀਤਾ ਜਾ ਰਿਹਾ ਹੈ ਜਦੋਂ ਕਿ ਉਥੇ ਨਹਿਰੀ ਪਾਣੀ ਵੀ ਸਪਲਾਈ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਨਿਗਮ ਤੋਂ ਇਨ੍ਹਾਂ ਟਿਊਬਵੈਲਾਂ ਦਾ ਪਾਣੀ ਪਿੰਡ ਨੂੰ ਸਪਲਾਈ ਕਰਨ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਰੌਸ਼ਨ ਲਾਲ, ਪੂਨਮ ਵਰਮਾ ਤੇ ਗੁਰਦੇਵ ਕੌਰ ਵੀ ਹਾਜ਼ਰ ਸਨ।