ਦੇਸੀ ਪਿਸਤੌਲ ਤੇ ਤਿੰਨ ਕਾਰਤੂਸਾਂ ਸਣੇ ਪੰਚਕੂਲਾ ਵਾਸੀ ਗ੍ਰਿਫ਼ਤਾਰ

03

June

2019

ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਨੇ 20 ਸਾਲਾਂ ਦੇ ਨੌਜਵਾਨ ਨੂੰ .32 ਬੋਰ ਦੇ ਦੇਸੀ ਪਿਸਤੌਲ ਅਤੇ ਤਿੰਨ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਜੀਵ ਕਲੋਨੀ ਪੰਚਕੂਲਾ ਦੇ ਸੋਨੂ ਉਰਫ ਸੇਹਰਾ ਵਜੋਂ ਹੋਈ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਸ਼ੱਕੀ ਹਾਲਤ ਵਿਚ ਘੁੰਮ ਰਿਹਾ ਹੈ। ਇਸ ਮੌਕੇ ਮਨੀਮਾਜਰਾ ਥਾਣੇ ਦੇ ਸਬ-ਇੰਸਪੈਕਟਰ ਵਿਦਿਆ ਨੰਦ, ਹੌਲਦਾਰ ਅਮਰਜੀਤ ਸਿੰਘ ਅਤੇ ਸਿਪਾਹੀ ਵਰਿੰਦਰ ਤੇ ਪਲਵਿੰਦਰ ਸਿੰਘ ਨੇ ਗਸ਼ਤ ਕਰਦਿਆਂ ਕਲਾਗ੍ਰਾਮ ਨੇੜੇ ਇਸ ਸ਼ੱਕੀ ਵਿਅਕਤੀ ਨੂੰ ਦੇਖਿਆ ਅਤੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਮਨੀਮਾਜਰਾ ਥਾਣੇ ਦੇ ਐੱਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਤਲਾਸ਼ੀ ਲੈਣ ’ਤੇ ਉਸ ਕੋਲੋਂ .32 ਬੋਰ ਦਾ ਦੇਸੀ ਪਿਸਤੌਲ ਤੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ। ਮੁਲਜ਼ਮ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਕੁੱਝ ਮਹੀਨੇ ਪਹਿਲਾਂ ਘਰੋਂ ਚਲਾ ਗਿਆ ਸੀ ਅਤੇ ਮੇਰਠ ਸਟੇਸ਼ਨ ’ਤੇ ਰਹਿ ਰਿਹਾ ਸੀ। ਉਸ ਨੇ ਮੇਰਠ ਤੋਂ ਹੀ ਦੇਸੀ ਪਿਸਤੌਲ ਖਰੀਦਿਆ ਸੀ। ਮੁਲਜ਼ਮ ਨੇ ਦੱਸਿਆ ਕਿ ਉਸ ਨੇ ਆਪਣੀ ਟੌਹਰ ਬਣਾਉਣ ਲਈ ਪਿਸਤੌਲ ਖਰੀਦਿਆ ਸੀ। ਮਨੀਮਾਜਰਾ ਥਾਣੇ ਵਿਚ ਮੁਲਜ਼ਮ ਵਿਰੁੱਧ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਪੁਲੀਸ ਉਸ ਦੀ ਪੁੱਛ ਪੜਤਾਲ ਕਰਕੇ ਪਿਸਤੌਲ ਖਰੀਦਣ ਦਾ ਮਕਸਦ ਜਾਣਨ ਦਾ ਯਤਨ ਕਰ ਰਹੀ ਹੈ। ਮੁਲਜ਼ਮ ਚਾਰ ਜਮਾਤਾਂ ਪੜ੍ਹਿਆ ਹੈ ਅਤੇ ਮਜ਼ਦੂਰੀ ਕਰਦਾ ਹੈ। ਉਸ ਵਿਰੁੱਧ ਪਹਿਲਾਂ ਵੀ ਸੈਕਟਰ-31 ਥਾਣੇ ਵਿਚ 18 ਸਤੰਬਰ 2017 ਨੂੰ ਮੋਟਰਸਾਈਕਲ ਚੋਰੀ ਕਰਨ ਦਾ ਕੇਸ ਦਰਜ ਹੋ ਚੁੱਕਾ ਹੈ।