ਚੰਡੀਗੜ੍ਹੀਆਂ ਨੂੰ ਸੁਰੱਖਿਅਤ ਬਣਾਉਣਗੇ ਸੀਸੀਟੀਵੀ ਕੈਮਰੇ

03

June

2019

ਚੰਡੀਗੜ੍ਹ, ਚੰਡੀਗੜ੍ਹੀਆਂ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੁਣ ਸੀਸੀਟੀਵੀ ਕੈਮਰਿਆਂ ਰਾਹੀਂ ਅਪਰਾਧੀਆਂ ਦੀਆਂ ਹਰਕਤਾਂ ’ਤੇ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਸੜਕਾਂ ਉਪਰ ਟਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ’ਤੇ ਵੀ ਨਜ਼ਰ ਰੱਖਣਗੇ ਅਤੇ ਡਿਫਾਲਟਰਾਂ ਦੇ ਘਰਾਂ ਤਕ ਚਲਾਨ ਰਸੀਦਾਂ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾਣਗੇ। ਯੂਟੀ ਪ੍ਰਸ਼ਾਸਨ ਨੇ ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀਈਐਲ) ਨਾਲ ਇੰਟੇਗਰੇਟਿਡ ਕਮਾਂਡ ਤੇ ਕੰਟਰੋਲ ਸਿਸਟਮ ਲਾਉਣ ਲਈ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਸ਼ਹਿਰ ਦੇ ਮੁੱਖ ਚੌਕਾਂ ਅਤੇ ਸੜਕਾਂ ਦੇ 40 ਪੁਆਇੰਟਾਂ ’ਤੇ 750 ਦੇ ਕਰੀਬ ਹਾਈਟੈੱਕ ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹਨ। ਇਨ੍ਹਾਂ ਕੈਮਰਿਆਂ ਨਾਲ ਟਰੈਫਿਕ ਦੀ ਤਾਜ਼ੀ ਸੁੂਚਨਾ ਦੇਣ ਲਈ ਸਪੀਕਰ ਸਿਸਟਮ ਵੀ ਫਿਟ ਕੀਤਾ ਜਾਵੇਗਾ, ਜੋ ਰਾਹਗੀਰਾਂ ਲਈ ਜਾਮਾਂ ਤੋਂ ਬਚਣ ਲਈ ਵਰਦਾਨ ਸਾਬਤ ਹੋਵੇਗਾ। ਇਹ ਸੀਸੀਟੀਵੀ ਕੈਮਰੇ ਸ਼ਹਿਰ ਦੀਆਂ ਅਹਿਮ ਟਰੈਫਿਕ ਲਾਈਟ ਪੁਆਂਇੰਟਾਂ ’ਤੇ ਵਾਹਨਾਂ ਦੀਆਂ ਨੰਬਰ ਪਲੇਟਾਂ ਦੀ ਆਟੋਮੈਟਿਕ ਢੰਗ ਨਾਲ ਸ਼ਨਾਖਤ ਕਰਨ ਦੇ ਸਮਰਥ ਹੋਣਗੇ ਅਤੇ ਲਾਲ ਬੱਤੀ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕ ਵੀ ਇਨ੍ਹਾਂ ਕੈਮਰਿਆਂ ਦੀ ਫੁਟੇਜ ਵਿਚ ਕੈਦ ਹੋ ਜਾਣਗੇ। ਕੈਮਰੇ ਤੁਰੰਤ ਵਾਹਨ ਦੀ ਸਪੀਡ ਵੀ ਕੈਦ ਕਰਨਗੇ ਅਤੇ ਨਿਰਧਾਰਤ ਰਫਤਾਰ ਤੋਂ ਤੇਜ਼ ਵਾਹਨ ਚਲਾਉਣ ਵਾਲਿਆਂ ਦੀ ਵੀ ਖਬਰ ਲੈਣਗੇ। ਡਿਫਾਲਟਰ ਚਾਲਕਾਂ ਦੇ ਚਲਾਨ ਉਨ੍ਹਾਂ ਦੇ ਘਰਾਂ ਵਿਚ ਹੀ ਪਹੁੰਚਾਏ ਜਾਣਗੇ ਅਤੇ ਇਸ ਦੀ ਪੂਰੀ ਰਿਕਾਰਡਿੰਗ ਵੀ ਹੋਵੇਗੀ। ਇੰਟੇਗਰੇਟਿਡ ਕਮਾਂਡ ਤੇ ਕੰਟਰੋਲ ਸਿਸਟਮ ਦਾ ‘ਕਮਾਂਡ ਸੈਂਟਰ’ ਸੈਕਟਰ-17 ਸਥਿਤ ਸਮਾਰਟ ਸਿਟੀ ਦਫਤਰ ਵਿਚ ਸਥਾਪਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਤਹਿਤ ਸਮਾਰਟ ਲਾਈਟਿੰਗ, ਸਮਾਰਟ ਪਾਰਕਿੰਗ, ਪਬਲਿਕ ਬਾਈਕ ਦੀ ਵਰਤੋਂ, ਸੀਟੀਯੂ ਦੀਆਂ ਬੱਸਾਂ ਦੀ ਸਰਵਿਸ, ਟੈਕਸੀ ਅਤੇ ਬੱਸ ਸਰਵਿਸ ਨੂੰ ਵੀ ‘ਕਮਾਂਡ ਸੈਂਟਰ’ ਨਾਲ ਜੋੜਿਆ ਜਾਵੇਗਾ। ਪ੍ਰਸ਼ਾਸਨ ਨੇ ਸਰਕਾਰੀ ਸਕੂਲਾਂ, ਹਸਪਤਾਲਾਂ, ਵਾਟਰ ਵਰਕਸ, ਕਮਿਊਨਿਟੀ ਸੈਂਟਰਾਂ ਆਦਿ ਉਪਰ ਵੀ ਕੈਮਰੇ ਲਾਉਣ ਦੀ ਤਜਵੀਜ਼ ਹੈ। ਪੁਲੀਸ ਸੂਤਰਾਂ ਅਨੁਸਾਰ ਇਸ ਯੁੱਗ ਵਿਚ ਅਪਰਾਧਾਂ ਨੂੰ ਹੱਲ ਕਰਨ ਲਈ ਮੋਬਾਈਲ ਫੋਨਾਂ ਦੇ ਵੇਰਵੇ, ਲੋਕੇਸ਼ਨ ਅਤੇ ਵਟਸ ਐਪ ਵਿਚਲੇ ਸੁਨੇਹੇ ਸਹਾਈ ਸਿੱਧ ਹੋ ਰਹੇ ਹਨ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਵੀ ਵੱਡੇ ਅਪਰਾਧਾਂ ਨੂੰ ਹੱਲ ਕਰਨ ਲਈ ਪੁਲੀਸ ਕੋਲ ਇਕ ਵੱਡਾ ਹਥਿਆਰ ਹਨ। ਇਨ੍ਹਾਂ ਕੈਮਰਿਆਂ ਦੀ ਫੁੱਟੇਜ ਅਪਰਾਧੀਆਂ ਦੀ ਪੈੜ ਨੱਪਣ ਵਿਚ ਸਹਾਈ ਹੁੰਦੀ ਹੈ। ਮੈਟਰੋ ਜਾਂ ਮੋਨੋ ਰੇਲ ਚਲਾਉਣ ਬਾਰੇ ਰੇੜਕਾ ਜਾਰੀ ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਦੀ ਗੰਭੀਰ ਬਣੀ ਪਾਰਕਿੰਗ ਸਮੱਸਿਆ ਦਾ ਸਾਰਥਕ ਹੱਲ ਨਹੀਂ ਲੱਭ ਸਕਿਆ ਹੈ। ਸੰਸਦ ਮੈਂਬਰ ਕਿਰਨ ਖੇਰ ਅਤੇ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ ਸਣੇ ਹੋਰਨਾਂ ਸਿਆਸੀ ਆਗੂਆਂ ਵਿਚਕਾਰ ਮੈਟਰੋ ਜਾਂ ਮੋਨੋ ਰੇਲ ਦਾ ਰੇੜਕਾ ਚੰਡੀਗੜ੍ਹ ਲਈ ਵੱਡੀ ਮੁਸੀਬਤ ਬਣ ਗਿਆ ਹੈ। ਇਕ ਪਾਸੇ ਸ਼ਹਿਰ ਦੀਆਂ ਸੜਕਾਂ, ਟਰੈਫਿਕ ਅੱਗੇ ਬੌਣੀਆਂ ਪੈ ਗਈਆਂ ਹਨ ਅਤੇ ਦੂਸਰੇ ਪਾਸੇ ਪਾਰਕਿੰਗ ਦੇ ਨਾਕਸ ਪ੍ਰਬੰਧ ਲੋਕਾਂ ਲਈ ਵੱਡੀ ਮੁਸੀਬਤ ਬਣ ਗਏ ਹਨ। ਸ਼ਹਿਰ ਵਿਚ 11.50 ਲੱਖ ਤੋਂ ਵੱਧ ਕਾਰਾਂ ਹਨ ਅਤੇ ਰੋਜ਼ਾਨਾ ਇਸ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਗਲੀਆਂ ਤੇ ਸੜਕਾਂ ਉਪਰ ਵਾਹਨ ਖੜ੍ਹੇ ਹੋਣ ਕਾਰਨ ਅਕਸਰ ਝਗੜੇ ਹੁੰਦੇ ਰਹਿੰਦੇ ਹਨ। ਪ੍ਰਸ਼ਾਸਨ ਬਹੁਮੰਜ਼ਲੀਆਂ ਪਾਰਕਿੰਗਾਂ, ਓਵਰਬਰਿੱਜ, ਅੰਡਰਪਾਸ ਆਦਿ ਬਣਾਉਣ ਵਿੱਚ ਕਈ ਸਾਲਾਂ ਤੋਂ ਫੇਲ੍ਹ ਰਿਹਾ ਹੈ ਅਤੇ ਟਰੈਫਿਕ ਤੇ ਪਾਰਕਿੰਗ ਸਮੱਸਿਆ ਗੰਭੀਰ ਰੂਪ ਧਾਰਦੀ ਜਾ ਰਹੀ ਹੈ।