ਭਰਾਵਾਂ ਨਾਲ ਮਿਲ ਕੇ ਕੀਤਾ ਸੀ ਪਤਨੀ ਦਾ ਕਤਲ

19

March

2019

ਐਸਏਐਸ ਨਗਰ (ਮੁਹਾਲੀ)/ਖਰੜ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਗਿਲਕੋ ਵੈਲੀ ਵਿੱਚ ਔਰਤ ਦੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਰਾਮ ਕੁਮਾਰ, ਅਮਿਤ ਕੁਮਾਰ ਅਤੇ ਪਿੰਟੂ ਸਿੰਘ ਵਾਸੀਆਨ ਪਿੰਡ ਸਿਮਾਇਲਪੁਰ, ਜ਼ਿਲ੍ਹਾ ਬਿਜਨੌਰ (ਯੂਪੀ) ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦਾ ਖੁਲਾਸਾ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਸੋਮਵਾਰ ਨੂੰ ਮੁਹਾਲੀ ਸਥਿਤ ਆਪਣੇ ਦਫ਼ਤਰ ਵਿੱਚ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਚੌਥਾ ਮੁਲਜ਼ਮ ਦੀਪਕ ਕੁਮਾਰ ਹਾਲੇ ਫਰਾਰ ਹੈ। ਉਸ ਦੀ ਤਲਾਸ਼ ਵਿੱਚ ਵੱਖ ਵੱਖ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਲਿਆ ਹੈ। ਐਸਐਸਪੀ ਸ੍ਰੀ ਭੁੱਲਰ ਨੇ ਦੱਸਿਆ ਕਿ ਬੀਤੀ 14 ਮਾਰਚ ਨੂੰ ਗਿਲਕੋ ਵੈਲੀ ਖਰੜ ਵਿੱਚ ਔਰਤ ਦਾ ਕਤਲ ਕਰਕੇ ਉਸ ਦੀ ਲਾਸ਼ ਦੁਕਾਨਾਂ ਦੇ ਪਿੱਛੇ ਉਜਾੜ ਵਿੱਚ ਸੁੱਟ ਦਿੱਤੀ ਸੀ। ਕ੍ਰਿਪਾਲ ਸਿੰਘ ਬਾਜਵਾ ਨੇ ਸੈਰ ਕਰਦੇ ਸਮੇਂ ਔਰਤ ਦੀ ਲਾਸ਼ ਦੇਖੀ ਅਤੇ ਤੁਰੰਤ ਪੁਲੀਸ ਨੂੰ ਇਤਲਾਹ ਦਿੱਤੀ ਸੀ। ਸੂਚਨਾ ਮਿਲਦੇ ਹੀ ਖਰੜ ਸਿਟੀ ਪੁਲੀਸ ਦੇ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਐਸਐਸਪੀ ਵੱਲੋਂ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਮੁਹਾਲੀ ਦੇ ਐਸਪੀ (ਡੀ) ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਡੀਐਸਪੀ (ਡੀ) ਗੁਰਦੇਵ ਸਿੰਘ ਧਾਰੀਵਾਲ, ਖਰੜ ਦੇ ਡੀਐਸਪੀ ਦੀਪ ਕਮਲ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਅਤੇ ਥਾਣਾ ਖਰੜ ਸਿਟੀ ਦੇ ਐਸਐਚਓ ਭਗਵੰਤ ਸਿੰਘ ਰਿਆੜ ’ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਟੀਮ ਨੇ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਕੀਤੀ। ਜਾਂਚ ਦੌਰਾਨ ਮ੍ਰਿਤਕ ਔਰਤ ਦੀ ਪਛਾਣ ਸਵਿਤਾ ਪਤਨੀ ਪਿੰਟੂ ਵਾਸੀ ਕਿਰਾਏਦਾਰ ਨੇੜੇ ਗੁਰੂ ਨਾਨਕ ਪਬਲਿਕ ਸਕੂਲ ਬਲੌਂਗੀ ਵਜੋਂ ਹੋਈ। ਐਸਐਸਪੀ ਨੇ ਦੱਸਿਆ ਕਿ ਮ੍ਰਿਤਕ ਔਰਤ ਦਾ ਕਤਲ ਉਸ ਦੇ ਪਤੀ ਪਿੰਟੂੂ ਸਿੰਘ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਕੀਤਾ ਸੀ। ਜਾਂਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਮ੍ਰਿਤਕਾ ਦੀ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਤੀ ਨਾਲ ਅਣਬਣ ਚਲ ਰਹੀ ਸੀ ਅਤੇ ਉਹ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਸੀ। ਮ੍ਰਿਤਕਾ ਦੇ ਪਤੀ ਪਿੰਟੂ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਕਥਿਤ ਨਾਜਾਇਜ਼ ਸਬੰਧ ਹਨ। ਇਸ ਦੇ ਚੱਲਦਿਆਂ ਉਸ ਨੇ ਆਪਣੇ ਭਰਾ ਅਮਿਤ ਕਮਾਰ, ਦੀਪਕ ਕੁਮਾਰ ਅਤੇ ਰਾਮ ਕੁਮਾਰ ਨਾਲ ਮਿਲ ਕੇ ਆਪਣੀ ਪਤਨੀ ਸਵਿਤਾ ਦੀ ਹੱਤਿਆ ਕਰਨ ਦੀ ਯੋਜਨਾ ਘੜੀ ਅਤੇ ਬੀਤੀ 13 ਮਾਰਚ ਨੂੰ ਮੁਲਜ਼ਮ ਅਮਿਤ ਕੁਮਾਰ ਨੇ ਆਪਣੀ ਭਾਬੀ ਸਵਿਤਾ ਨੂੰ ਫੋਨ ’ਤੇ ਮਿਲਣ ਲਈ ਸੱਦਿਆ। ਉਹ ਉਸ ਨੂੰ ਥ੍ਰੀਵੀਲਰ ਵਿੱਚ ਬਿਠਾ ਕੇ ਗਿਲਕੋ ਵੈਲੀ ਲੈ ਗਿਆ ਜਿੱਥੇ ਦੇਰ ਰਾਤ ਮੁਲਜ਼ਮਾਂ ਨੇ ਮਿਲ ਕੇ ਸਵਿਤਾ ਦੇ ਸਿਰ ਵਿੱਚ ਹਥੌੜੀ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਏ। ਲੇਕਿਨ ਔਰਤ ਦੇ ਪਤੀ ਪਿੰਟੂ ਦੀਆਂ ਦੁਕਾਨ ਦੀਆਂ ਚਾਬੀਆਂ ਮੌਕੇ ’ਤੇ ਡਿੱਗ ਪਈਆਂ। ਅਗਲੇ ਦਿਨ ਸਾਰੇ ਮੁਲਜ਼ਮ ਰੇਲ ਗੱਡੀ ਰਾਹੀਂ ਬਿਜ਼ਨੋਰ (ਯੂਪੀ) ਫਰਾਰ ਹੋ ਗਏ।