ਭਾਜਪਾ ਨੇ ਸਬਜ਼ਬਾਗ ਦਿਖਾ ਕੇ ‘ਮਹਾਂਫਰਾਡ’ ਕੀਤਾ: ਜਾਖੜ

18

March

2019

ਚੰਡੀਗੜ੍ਹ, ‘ਭਾਜਪਾ ਨੇ ਸਾਲ 2014 ਦੀਆਂ ਚੋਣਾਂ ਵਿਚ ਦੇਸ਼ ਦੇ ਲੋਕਾਂ ਨੂੰ ਲੁਭਾਉਣੇ ਸੁਫ਼ਨੇ ਦਿਖਾ ਕੇ ਉਹੋ ਜਿਹਾ ‘ਮਹਾਂਫਰਾਡ’ ਕੀਤਾ ਜਿਸ ਤਰ੍ਹਾਂ ਚਿੱਟ ਫੰਡ ਕੰਪਨੀਆਂ ਪੈਸੇ ਦੁੱਗਣੇ ਕਰਨ ਦੇ ਸੁਫ਼ਨੇ ਦਿਖਾ ਕੇ ਕਰਦੀਆਂ ਹਨ। ਲੋਕਾਂ ਦੇ ਖਾਤਿਆਂ ਵਿਚ ਨਾ 15 ਲੱਖ ਆਏ ਅਤੇ ਨਾ ਹੀ ਵਿਦੇਸ਼ੀ ਬੈਂਕਾਂ ਵਿਚਲਾ ਕਾਲਾ ਧਨ ਦੇਸ਼ ’ਚ ਵਾਪਸ ਆਇਆ।’ ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਅਤੇ ਆਗਾਮੀ ਲੋਕ ਸਭਾ ਚੋਣਾਂ ਦੇ ਪ੍ਰਸੰਗ ਵਿਚ ਆਖੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਅੱਛੇ ਦਿਨਾਂ ਵਾਲੇ ਨਾਅਰੇ ਲਾ ਕੇ ਲੋਕਾਂ ਨੂੰ ਠੱਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੰਗਾ ਦੀ ਸਫ਼ਾਈ ਨਾ ਕਰਕੇ ਲੋਕਾਂ ਦੀ ਧਾਰਮਿਕ ਆਸਥਾ ਨਾਲ ਖਿਲਵਾੜ ਕੀਤਾ ਹੈ। ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਨੋਟਬੰਦੀ ਨੇ ਪਹਿਲਾਂ ਮਿਲੇ ਰੁਜ਼ਗਾਰ ਵੀ ਖੋਹ ਲਏ। ਐਨਐਸਐਸਓ ਨੇ ਦੇਸ਼ ਅੰਦਰ ਵਧ ਰਹੀ ਬੇਰੁਜ਼ਗਾਰੀ ਹਕੀਕਤ ਦੇਸ਼ ਦੇ ਸਾਹਮਣੇ ਪੇਸ਼ ਕਰਕੇ ਭਾਜਪਾ ਸਰਕਾਰ ਵਲੋਂ ਕੀਤੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਨੋਟਬੰਦੀ ਕਰਨ ਸਮੇਂ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਸ ਨਾਲ ਕਾਲੇ ਧਨ ਨੂੰ ਨਕੇਲ ਪਵੇਗੀ, ਦਹਿਸ਼ਗਰਦੀ ਦਾ ਲੱਕ ਟੁੱਟ ਜਾਵੇਗਾ ਅਤੇ ਘੁਸਪੈਠ ਘਟੇਗੀ, ਧਾਰਾ 370 ਖ਼ਤਮ ਕੀਤੀ ਜਾਵੇਗੀ ਤੇ ਦੇਸ਼ ਵਿਚ ਇਕ ਸਾਰ ਸਿਵਲ ਕੋਡ ਲਾਗੂ ਕੀਤਾ ਜਾਵੇਗਾ। ਦੂਜੇ ਪਾਸੇ, ਹਕੀਕਤ ਹੈ ਕਿ ਕਾਲਾ ਧਲ ਘਟਣ ਦੀ ਬਜਾਏ ਵੱਡੇ ਵੱਡੇ ਧਨਾਢਾਂ ਦਾ ਕਾਲਾ ਧਨ ਸਫ਼ੈਦ ਕੀਤਾ ਗਿਆ ਅਤੇ ਨਾ ਹੀ ਕਿਸੇ ਹੋਰ ਵਾਅਦੇ ’ਤੇ ਅਮਲ ਕੀਤਾ ਗਿਆ। ਕੇਂਦਰ ਸਰਕਾਰ ਦੀਆਂ ਨੀਤੀਆਂ ਕਾਰਨ ਕਸ਼ਮੀਰ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਸਰਹੱਦ ’ਤੇ ਨਿਤ ਦਿਨ ਜਵਾਨ ਸ਼ਹੀਦ ਹੋ ਰਹੇ ਹਨ। ਕੇਵਲ ਸਰਜੀਕਲ ਸਟਰਾਈਕ ਕਰਕੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਮਾਮਲੇ ਨੂੰ ਵਧਾ ਚੜ੍ਹਾ ਕੇ ਪੇਸ਼ ਕਰਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਸਮੇਂ ਕੌਮਾਂਤਰੀ ਮਾਰਕੀਟ ਵਿਚ ਤੇਲ ਦੀਆਂ ਕੀਮਤਾਂ ਘਟ ਗਈਆਂ ਸਨ ਪਰ ਇਸ ਦਾ ਫ਼ਾਇਦਾ ਲੋਕਾਂ ਨੂੰ ਨਹੀਂ ਮਿਲਿਆ। ਇਸ ਕਾਰਨ ਕੇਂਦਰ ਨੂੰ ਹਰ ਸਾਲ ਲਗਭਗ ਤਿੰਨ ਲੱਖ ਕਰੋੜ ਰੁਪਏ ਦੀ ਆਮਦਨ ਹੋਈ। ਇਸ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੈਸਾ ਸੜਕਾਂ ’ਤੇ ਲਾਇਆ ਜਾ ਰਿਹਾ ਹੈ ਪਰ ਸਾਰੀਆਂ ਸੜਕਾਂ ’ਤੇ ਤਾਂ ਟੌਲ ਲਾਏ ਜਾਏ ਜਾ ਰਹੇ ਹਨ। ਕੇਂਦਰ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਆਖ਼ਰਕਾਰ ਇਹ ਪੈਸਾ ਕਿੱਥੇ ਗਿਆ। ਰਾਫਾਲ ਸੌਦੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਚੌਕੀਦਾਰ ਹੋਣ ਦੇ ਦਾਅਵੇ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਮਾਮਲੇ ਆਗਾਮੀ ਲੋਕ ਸਭਾ ਚੋਣਾਂ ਵਿਚ ਵੱਡੇ ਮੁੱਦੇ ਬਨਣਗੇ ਤੇ ਕਾਂਗਰਸ ਪਾਰਟੀ ਮੋਦੀ ਸਰਕਾਰ ਕੋਲੋਂ ਇਨ੍ਹਾਂ ਦਾ ਜੁਆਬ ਮੰਗੇਗੀ ਤੇ ਬਦਲ ਪੇਸ਼ ਕਰੇਗੀ।