ਨਕਸਲੀ ਸ਼ਹੀਦ ਜੈਮਲ ਸਿੰਘ ਪੱਡਾ ਦੀ ਯਾਦ ’ਚ ਸਿਆਸੀ ਕਾਨਫਰੰਸ

18

March

2019

ਜਲੰਧਰ, ਨਕਸਲੀ ਸ਼ਹੀਦ ਜੈਮਲ ਸਿੰਘ ਪੱਡਾ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਲੱਖਣ ਕੇ ਪੱਡਾ ਵਿੱਚ 31ਵੀਂ ਸ਼ਹੀਦੀ ਸਿਆਸੀ ਕਾਨਫਰੰਸ ਕੀਤੀ ਗਈ। ਇਹ ਕਾਨਫਰੰਸ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਕਰਵਾਈ ਗਈ। ਕਾਮਰੇਡ ਜੈਮਲ ਸਿੰਘ ਪੱਡਾ ਕਵਿਤਾ ਰਾਹੀਂ ਖ਼ੂਬਸੂਰਤ ਤੇ ਸਟੀਕ ਢੰਗ ਨਾਲ ਲੋਕਾਂ ਦੀ ਗੱਲ ਕਰਦੇ ਸਨ। ਅਤਿਵਾਦੀਆਂ ਨੇ ਉਨ੍ਹਾਂ ਨੂੰ 17 ਮਾਰਚ 1988 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਇਸ ਸ਼ਹੀਦੀ ਕਾਨਫਰੰਸ ਮੌਕੇ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸੁਚੇਤ ਕੀਤਾ ਕਿ ਭਾਜਪਾ ਦੇਸ਼ ਨੂੰ ਹਿੰਦੂਤਵੀ ਰੰਗ ਵਿੱਚ ਰੰਗਣ ਦੀਆਂ ਲੀਹਾਂ ’ਤੇ ਚੱਲ ਰਹੀ ਹੈ। ਪਾਕਿਸਤਾਨ ਨਾਲ ਜੰਗ ਵਰਗਾ ਮਾਹੌਲ ਬਣਾ ਕੇ ਅੰਧ-ਰਾਸ਼ਟਰਵਾਦ ਨੂੰ ਜਾਣ-ਬੁੱਝ ਕੇ ਉਭਾਰਿਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਦੇਸ਼ ਅੰਦਰ 50 ਤੋਂ ਵੱਧ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ ਹਿੰਦੂ ਕੱਟੜਪੰਥੀਆਂ ਵੱਲੋਂ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਭਾਜਪਾ ਆਪਣੇ ਪੰਜਾਂ ਸਾਲਾਂ ਦੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਦੇਸ਼ ਵਿੱਚ ਨਫ਼ਰਤ ਵਾਲਾ ਮਾਹੌਲ ਸਿਰਜ ਰਹੀ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ ਨੇ ਕਿਹਾ ਕਿ ਸਾਰੀਆਂ ਮੁੱਖ ਧਾਰਾ ਪਾਰਟੀਆਂ ਕੋਲ ਲੋਕਾਂ ਦੇ ਅਸਲੀ ਮੁੱਦੇ ਸੁਲਝਾਉਣ ਦਾ ਕੋਈ ਹੱਲ ਨਹੀਂ ਹੈ ਤੇ ਨਾ ਹੀ ਉਹ ਲੋਕ ਮਸਲਿਆਂ ਨੂੰ ਹੱਲ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਅਖੌਤੀ ਰਾਸ਼ਟਰਵਾਦ ਗਿਣੇ-ਮਿੱਥੇ ਢੰਗ ਨਾਲ ਫੈਲਾਅ ਕੇ ਇੱਕ ਪਾਸੇ ਪਾਕਿਸਤਾਨ ਨੂੰ ਦਹਿਸ਼ਤਗਰਦੀ ਲਈ ਜ਼ਿੰਮੇਵਾਰ ਠਹਿਰਾ ਰਹੀ ਹੈ ਅਤੇ ਦੂਜੇ ਪਾਸੇ ਮੁਸਲਿਮ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਮੌਕਾਪ੍ਰਸਤ, ਮੁੱਖ ਧਾਰਾ ਵਾਲੀਆਂ ਸਿਆਸੀ ਪਾਰਟੀਆਂ ਤੇ ਖ਼ਾਸਕਰ ਭਾਜਪਾ ਸਰਕਾਰ ਵਿਰੁੱਧ ਸੰਘਰਸ਼ ਕਰਨ ਅਤੇ ਇਨਕਲਾਬੀ ਧਿਰਾਂ ਨੂੰ ਮਜ਼ਬੂਤ ਕਰਨ। ਕਾਮਰੇਡ ਜੈਮਲ ਸਿੰਘ ਪੱਡਾ ਦੀ ਯਾਦਗਾਰ ਉੱਪਰ ਝੰਡਾ ਝੁਲਾਉਣ ਦੀ ਰਸਮ ਪਾਰਟੀ ਆਗੂ ਕਾਮਰੇਡ ਅਜਮੇਰ ਸਿੰਘ ਨੇ ਅਦਾ ਕੀਤੀ। ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਮੁੱਖ ਰਾਜਸੀ ਪਾਰਟੀਆਂ ਨਾ ਤਾਂ ਕਿਸਾਨੀ ਦੀ ਗੱਲ ਕਰਦੀਆਂ ਹਨ ਤੇ ਨਾ ਹੀ ਖੇਤ ਮਜ਼ਦੂਰਾਂ ਅਤੇ ਨੌਜਵਾਨਾਂ ਦੇ ਰੁਜ਼ਗਾਰ ਦੀ। ਦੇਸ਼ ’ਤੇ ਰਾਜ ਕਰ ਰਹੀ ਭਾਜਪਾ ਕੋਲ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਲਈ ਤਾਂ ਪੈਸੇ ਨਹੀਂ ਹਨ ਪਰ ਵੱਡੇ ਕਾਰੋਬਾਰੀ ਘਰਾਣਿਆਂ ਦੇ ਅਰਬਾਂ ਰੁਪਏ ਚੁਪਚਾਪ ਮੁਆਫ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਰਜ਼ਾ ਤਾਂ ਕਿਸੇ ਹੱਦ ਤੱਕ ਮੁਆਫ਼ ਕੀਤਾ ਜਾ ਸਕਦਾ ਹੈ ਪਰ ਕਿਸਾਨਾਂ ’ਤੇ ਕਰਜ਼ਾ ਨਾ ਚੜ੍ਹੇ ਇਸ ਬਾਰੇ ਪਾਰਟੀਆਂ ਕੋਲ ਕੋਈ ਵੀ ਠੋਸ ਰਣਨੀਤੀ ਨਹੀਂ ਹੈ। ਕਾਨਫਰੰਸ ਨੂੰ ਪਾਰਟੀ ਦੇ ਸੂਬਾਈ ਸੀਨੀਅਰ ਆਗੂ ਕਾਮਰੇਡ ਅਜਮੇਰ ਸਿੰਘ, ਕਾਮਰੇਡ ਬਲਵਿੰਦਰ ਸਿੰਘ ਭੁੱਲਰ, ਕਾਮਰੇਡ ਬਲਵਿੰਦਰ ਸਿੰਘ ਬਾਜਵਾ, ਰਛਪਾਲ ਸਿੰਘ, ਸੁਖਦੇਵ ਸਿੰਘ ਅਤੇ ਰਣਜੀਤ ਦੇਸਲ ਆਦਿ ਨੇ ਸੰਬੋਧਨ ਕੀਤਾ। ਨਵ ਚੇਤਨ ਕਲਾ ਮੰਚ ਬਿਆਸ ਵੱਲੋਂ ਹੰਸਾ ਸਿੰਘ ਦੀ ਅਗਵਾਈ ਹੇਠ ਦੋ ਨਾਟਕ ਵੀ ਖੇਡੇ ਗਏ। ਪੰਜਾਬ ਸਟੂਡੈਂਟ ਯੂਨੀਅਨ ਨੇ ਇਸ ਮੌਕੇ ਇਨਕਲਾਬੀ ਸਾਹਿਤ ਦੀਆਂ ਕਿਤਾਬਾਂ ਦਾ ਸਟਾਲ ਵੀ ਲਾਇਆ।