ਡਾ. ਮਨਮੋਹਨ ਸਿੰਘ ਦੀ ਨਾਂਹ ਮਗਰੋਂ ਪੱਬਾਂ ਭਾਰ ਹੋਏ ਟਿਕਟ ਦੇ ਚਾਹਵਾਨ

18

March

2019

ਅੰਮ੍ਰਿਤਸਰ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜਨ ਤੋਂ ਨਾਂਹ ਕੀਤੇ ਜਾਣ ਮਗਰੋਂ ਸਥਾਨਕ ਕਾਂਗਰਸੀ ਆਗੂ ਇਸ ਸੀਟ ਨੂੰ ਪ੍ਰਾਪਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਅਤੇ ਕਈ ਆਗੂਆਂ ਨੇ ਤਾਂ ਦਿੱਲੀ ਡੇਰੇ ਲਾ ਲਏ ਹਨ। ਦੂਜੇ ਪਾਸੇ ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਵਿੱਚ ਚੋਣਾਂ ਆਖ਼ਰੀ ਪੜਾਅ ਵਿੱਚ ਹੋਣ ਕਰਕੇ ਪੰਜਾਬ ਦੇ ਉਮੀਦਵਾਰਾਂ ਦੇ ਐਲਾਨ ਨੂੰ ਫਿਲਹਾਲ ਤਰਜੀਹ ਨਹੀਂ ਦਿੱਤੀ ਜਾ ਰਹੀ। ਖਾਸ ਕਰ ਕੇ ਅੰਮ੍ਰਿਤਸਰ ਸੰਸਦੀ ਸੀਟ ਦੇ ਮਾਮਲੇ ਵਿੱਚ ਉਡੀਕ ਕਰੋ ਦੀ ਨੀਤੀ ਅਪਣਾਈ ਜਾ ਰਹੀ ਹੈ। ਅੰਮ੍ਰਿਤਸਰ ਸੰਸਦੀ ਹਲਕੇ ਲਈ ਮੌਜੂਦਾ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸਣੇ 12 ਉਮੀਦਵਾਰਾਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਕੁਝ ਮੌਜੂਦਾ ਤੇ ਸਾਬਕਾ ਵਿਧਾਇਕ ਸ਼ਾਮਲ ਹਨ। ਅੰਮ੍ਰਿਤਸਰ ਜ਼ਿਲ੍ਹੇ ਦੀਆਂ 11 ਵਿਧਾਨ ਸਭਾ ਸੀਟਾਂ ਵਿੱਚੋਂ ਇਸ ਵੇਲੇ 10 ’ਤੇ ਕਾਂਗਰਸ ਕਾਬਜ਼ ਹੈ ਅਤੇ ਸਿਰਫ਼ ਇੱਕ ਹਲਕੇ ਵਿਚ ਹੀ ਅਕਾਲੀ ਦਲ ਕਾਬਜ਼ ਹੈ। ਟਿਕਟ ਦੇ ਚਾਹਵਾਨ ਕਾਂਗਰਸੀ ਉਮੀਦਵਾਰਾਂ ਵਿੱਚ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਿੱਲੀ ਡੇਰਾ ਲਾਇਆ ਹੋਇਆ ਹੈ। ਉਨ੍ਹਾਂ ਤੋਂ ਇਲਾਵਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਟਿਕਟ ਦੇ ਚਾਹਵਾਨਾਂ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਸਿੱਖਿਆ ਮੰਤਰੀ ਓਪੀ ਸੋਨੀ ਦਾ ਭਤੀਜਾ ਵਿਕਾਸ ਸੋਨੀ, ਨੌਜਵਾਨ ਆਗੂ ਦਿਲਰਾਜ ਸਿੰਘ ਸਰਕਾਰੀਆ, ਬੀਐੱਸ ਰੰਧਾਵਾ, ਸੁਰਭੀ ਵਰਮਾ ਵੀ ਟਿਕਟ ਲਈ ਕਤਾਰ ’ਚ ਲੱਗੇ ਹੋਏ ਹਨ। ਕਾਂਗਰਸ ਦੇ ਸੂਤਰਾਂ ਮੁਤਾਬਕ ਪਾਰਟੀ ਹਾਈ ਕਮਾਨ ਵੱਲੋਂ ਅੰਮ੍ਰਿਤਸਰ ਸੰਸਦੀ ਹਲਕੇ ਦੇ ਮਾਮਲੇ ਵਿਚ ‘ਉਡੀਕ ਕਰੋ’ ਦੀ ਨੀਤੀ ਅਪਣਾਈ ਜਾ ਰਹੀ ਹੈ। 2014 ਸੰਸਦੀ ਚੋਣਾਂ ਵੇਲੇ ਵੀ ਕਾਂਗਰਸ ਨੇ ਇਸੇ ਨੀਤੀ ਦੀ ਵਰਤੋਂ ਕੀਤੀ ਸੀ ਅਤੇ ਭਾਜਪਾ ਵੱਲੋਂ ਅਰੁਣ ਜੇਤਲੀ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਸੀ ਤੇ ਕਾਂਗਰਸ ਦੀ ਇਹ ਨੀਤੀ ਸਫ਼ਲ ਰਹੀ ਸੀ। ਉਧਰ ਭਾਜਪਾ ਖੇਮੇ ਵਿਚ ਚਰਚਾ ਹੈ ਕਿ ਇਸ ਸੰਸਦੀ ਹਲਕੇ ਤੋਂ ਕਿਸੇ ਖਾਸ ਸ਼ਖ਼ਸੀਅਤ (ਸੈਲਿਬ੍ਰਿਟੀ) ਨੂੰ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਇਸ ਮਾਮਲੇ ਵਿਚ ਪਹਿਲਾਂ ਫਿਲਮ ਅਦਾਕਾਰ ਸੰਨੀ ਦਿਓਲ ਦੇ ਨਾਂ ਦੀ ਚਰਚਾ ਸੀ ਪਰ ਹੁਣ ਕਿਸੇ ਕ੍ਰਿਕਟਰ ਦੇ ਨਾਮ ਦੀ ਚਰਚਾ ਚਲ ਰਹੀ ਹੈ। ਕਾਂਗਰਸੀ ਖੇਮੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਇਥੋਂ ਸੰਸਦੀ ਚੋਣ ਲੜਾਉਣ ਵਾਸਤੇ ਆਦੇਸ਼ ਦਿੱਤੇ ਜਾਣ ਦੀ ਚਰਚਾ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਸੰਸਦੀ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ ਪਰ ਸਿੱਧੂ ਪਰਿਵਾਰ ਵਿੱਚੋਂ ਡਾ. ਨਵਜੋਤ ਕੌਰ ਸਿੱਧੂ ਚੰਡੀਗੜ੍ਹ ਤੋਂ ਚੋਣ ਲੜਨ ਦੀ ਇੱਛੁਕ ਹੈ, ਜਿਸ ਤੋਂ ਸਪਸ਼ਟ ਹੈ ਕਿ ਸਿੱਧੂ ਪਰਿਵਾਰ ਸੰਸਦੀ ਚੋਣ ਲੜਨਾ ਚਾਹੁੰਦਾ ਹੈ।