ਲੋਕ ਸਭਾ ਚੋਣਾਂ ਲਈ ਕਿਸੇ ਪਾਰਟੀ ਨਾਲ ਗੱਲਬਾਤ ਨਹੀਂ: ਕੈਪਟਨ

13

March

2019

ਚੰਡੀਗੜ੍ਹ, ਪੰਜਾਬ ਦੇਲੋਕ ਸਭਾ ਚੋਣਾਂ ਲਈ ਕਿਸੇ ਪਾਰਟੀ ਨਾਲ ਗੱਲਬਾਤ ਨਹੀਂ: ਕੈਪਟਨ ਨੇ ਸੂਬੇ ਵਿੱਚ 19 ਮਈ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਵਾਸਤੇ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਬਾਰੇ ਕਿਸੇ ਤਰ੍ਹਾਂ ਦੀ ਗੱਲਬਾਤ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਕਿਸੇ ਵੀ ਗੱਠਜੋੜ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਇਸ ਸਬੰਧ ਵਿੱਚ ਕਿਸੇ ਪਾਰਟੀ ਨਾਲ ਗੱਲਬਾਤ ਕਰ ਰਹੀ ਹੈ। ਮੁੱਖ ਮੰਤਰੀ ਨੇ ਪੰਜਾਬ ਗੋਦਾਮ ਨਿਗਮ ਦੇ ਚੇਅਰਮੈਨ ਰਾਜ ਕੁਮਾਰ ਵੇਰਕਾ ਨੂੰ ਅੱਜ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਵਿਚਾਰ ਪ੍ਰਗਟ ਕੀਤੇ। ਸ੍ਰੀ ਵੇਰਕਾ ਨੂੰ ਪਿਛਲੇ ਹਫਤੇ ਇਸ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਅਹੁਦਾ ਸੰਭਾਲਿਆ ਸੀ। ਸੰਸਦੀ ਚੋਣਾਂ ਵਿੱਚ ਕਾਂਗਰਸ ਦੀਆਂ ਸੰਭਾਵਨਾਵਾਂ ’ਤੇ ਭਰੋਸਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਸਬੰਧ ਵਿੱਚ ਕਾਂਗਰਸ ਪਾਰਟੀ ਉਤਸ਼ਾਹ ਵਿੱਚ ਹੈ ਅਤੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਸਥਾਨ ਅਹਿਮਦਾਬਾਦ ਨੂੰ ਚੁਣਨਾ ਇਸ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਾਰਟੀ ਵਿੱਚ ਭਾਰੀ ਉਤਸ਼ਾਹ ਦਾ ਪ੍ਰਗਟਾਵਾ ਹੁੰਦਾ ਹੈ ਜੋ ਭਾਜਪਾ ਨੂੰ ਸਿੱਧੇ ਹੋ ਕੇ ਟੱਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਕਾਂਗਰਸ ਦੇ ਉਮੀਦਵਾਰਾਂ ਸਬੰਧੀ ਕੈਪਟਨ ਨੇ ਕਿਹਾ ਕਿ ਇਸ ਹਫ਼ਤੇ ਦੇ ਅਖੀਰ ਵਿੱਚ ਦਿੱਲੀ ਵਿਖੇ ਅਗਲੀ ਮੀਟਿੰਗ ਹੋਣ ਦੀ ਸੰਭਾਵਨਾ ਹੈ। ਚੋਣਾਂ ਦੀ ਤਰੀਕ ਲਈ ਦੋ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੈ ਜਿਸ ਕਰਕੇ ਕੋਈ ਵੀ ਕਾਹਲ ਨਹੀਂ ਹੈ। ਕੈਪਟਨ ਨੇ ਸਪਸ਼ਟ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਦੀ ਵੀ ਉਮੀਦਵਾਰਾਂ ਦੀ ਵਿੱਚ ਨਹੀਂ ਸਨ ਅਤੇ ਉਨ੍ਹਾਂ ਦੀ ਚੋਣ ਲੜਣ ’ਚ ਦਿਲਚਸਪੀ ਨਹੀਂ ਹੈ। ਦਿੱਲੀ ਵਿਖੇ ਡਾ. ਮਨਮੋਹਨ ਸਿੰਘ ਨਾਲ ਹੋਈ ਮੀਟਿੰਗ ਇਕ ਸਾਰਥਕ ਮਿਲਣੀ ਸੀ ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਵਿੱਚ ਕਾਂਗਰਸ ਦੀ ਯੋਜਨਾ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਨੂੰ ਸੰਖੇਪ ਜਾਣਕਾਰੀ ਦਿੱਤੀ ਸੀ। ਸੂਬੇ ਵਿੱਚ ਪਾਰਟੀ ਦੇ ਸਟਾਰ ਪ੍ਰਚਾਰਕ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਪਾਰਟੀ ਦੇ ਮੁੱਖ ਪ੍ਰਚਾਰਕਾਂ ਦੇ ਨਾਵਾਂ ਦਾ ਫੈਸਲਾ ਕਰਨਾ ਕਾਂਗਰਸ ਹਾਈ ਕਮਾਂਡ ਦਾ ਕੰਮ ਹੈ। ਮੁੱਖ ਮੰਤਰੀ ਨੇ ਦੁਹਰਾਇਆ ਕਿ ਭਾਰਤੀ ਫੌਜਾਂ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ।