ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਜਾਂਚ

13

March

2019

ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੀ ਕੈਮਿਸਟਰੀ, ਇਤਿਹਾਸ ਅਤੇ ਬਿਜਨਸ ਇਕਨਾਮਿਕਸ ਵਿਸ਼ਿਆਂ ਦੀ ਪ੍ਰੀਖਿਆ ਲਈ ਗਈ। ਇਸ ਦੌਰਾਨ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਮੁਹਾਲੀ ਸਮੇਤ ਹੋਰਨਾਂ ਸ਼ਹਿਰਾਂ ਦੇ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਕੂਲ ਬੋਰਡ ਨੇ ਸਾਲਾਨਾ ਪ੍ਰੀਖਿਆਵਾਂ ਲਈ ਢੁੱਕਵੇਂ ਪ੍ਰਬੰਧਾਂ ਕਰਨ ਦੇ ਨਾਲ-ਨਾਲ ਨਕਲ ਰਹਿਤ ਪ੍ਰੀਖਿਆਵਾਂ ਕਰਵਾਉਣ ਦਾ ਤਹੱਈਆ ਕੀਤਾ ਹੈ। ਇਸੇ ਦੌਰਾਨ ਕਈ ਵਿਦਿਆਰਥੀ ਭੁੰਜੇ ਬੈਠ ਕੇ ਪ੍ਰੀਖਿਆ ਦੇ ਰਹੇ ਸਨ ਜਿਸ ਦਾ ਚੇਅਰਮੈਨ ਨੇ ਗੰਭੀਰ ਨੋਟਿਸ ਲਿਆ। ਸ੍ਰੀ ਕਲੋਹੀਆ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਦੇ ਸਾਰੇ ਕੇਂਦਰਾਂ ਵਿੱਚ ਪ੍ਰੀਖਿਆ ਦਾ ਕੰਮ ਪੂਰੇ ਅਮਨ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਕਰਨੈਲ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿੱਚ ਕੁੱਲ 98 ਪ੍ਰੀਖਿਆਰਥੀ, ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿੱਚ 31 ਪ੍ਰੀਖਿਆਰਥੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲੀ ਵਿੱਚ 101 ਪ੍ਰੀਖਿਆਰਥੀ ਅਤੇ ਸੰਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੌਣੀ ਵਿੱਚ 47 ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਐਸਡੀ ਹਾਈ ਸਕੂਲ ਨਾਭਾ ਸਮੇਤ ਜ਼ਿਲ੍ਹਾ ਫਤਹਿਗੜ੍ਹ ਦੇ ਪ੍ਰੀਖਿਆ ਕੇਂਦਰਾਂ ਦੀ ਵੀ ਜਾਂਚ ਕੀਤੀ। ਚੇਅਰਮੈਨ ਨੇ ਦੱਸਿਆ ਕਿ ਐੱਸਐੱਸ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਵਿੱਚ ਪ੍ਰੀਖਿਆ ਕੇਂਦਰ ਪਹਿਲੀ ਮੰਜ਼ਿਲ ਉੱਤੇ ਬਣਿਆ ਹੋਇਆ ਸੀ ਅਤੇ ਪ੍ਰੀਖਿਆਰਥੀਆਂ ਵੱਲੋਂ ਜ਼ਮੀਨ ’ਤੇ ਬੈਠ ਕੇ ਪ੍ਰੀਖਿਆ ਦਿੱਤੀ ਜਾ ਰਹੀ ਸੀ। ਇਸ ਸਬੰਧੀ ਉਨ੍ਹਾਂ ਹੁਕਮ ਜਾਰੀ ਕੀਤੇ ਕਿ ਇਸ ਸੈਂਟਰ ਵਿੱਚ ਅਗਲੀਆਂ ਪ੍ਰੀਖਿਆਵਾਂ ਲਈ ਸੈਂਟਰ ਗਰਾਊਂਡ ਫਲੋਰ ’ਤੇ ਬਣਾਇਆ ਜਾਵੇ ਅਤੇ ਇਸ ਦੇ ਨਾਲ-ਨਾਲ ਪ੍ਰੀਖਿਆਰਥੀਆਂ ਦੇ ਬੈਠਣ ਲਈ ਟੇਬਲ ਅਤੇ ਬੈਂਚਾਂ ਦਾ ਇੰਤਜ਼ਾਮ ਕੀਤਾ ਜਾਵੇ।