ਡੀਜੀਪੀ ਦੇ ਕਾਰਜਕਾਲ ’ਚ ਵਾਧਾ ਡੋਵਾਲ ਦੇ ਇਸ਼ਾਰੇ ’ਤੇ ਹੋਇਆ: ਖਹਿਰਾ

18

January

2019

ਜਲੰਧਰ, ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਦੇ ਕਾਰਜਕਾਲ ਵਿੱਚ ਕੀਤੇ ਗਏ ਅੱਠ ਮਹੀਨਿਆਂ ਦੇ ਵਾਧੇ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਡੀਜੀਪੀ ਰਹੇ ਸੁਰੇਸ਼ ਅਰੋੜਾ ਨੂੰ ਲਗਾਤਾਰ ਉਸ ਦੇ ਅਹੁਦੇ ’ਤੇ ਬਣਾਈ ਰੱਖਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਠੋਕੇ ਵਜੋਂ ਕੰਮ ਕਰ ਰਹੇ ਹਨ। ਸ੍ਰੀ ਖਹਿਰਾ ਨੇ ਇਹ ਦੋਸ਼ ਵੀ ਲਾਇਆ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਸੁਰੇਸ਼ ਅਰੋੜਾ ਨੂੰ ਭਾਜਪਾ ਦੇ ਸਿਆਸੀ ਮੰਤਵਾਂ ਲਈ ਵਰਤ ਰਹੇ ਹਨ। ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਕੇਂਦਰ ਦੀ ਮੋਦੀ ਸਰਕਾਰ ਚਲਾ ਰਹੀ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਦੇ ਨਜ਼ਦੀਕੀ ਰਿਸ਼ਤੇਦਾਰਾਂ ’ਤੇ ਕੇਂਦਰ ਸਰਕਾਰ ਨੇ ਆਰਥਿਕ ਬੇਨਿਯਮੀਆਂ ਦੇ ਮਾਮਲਿਆਂ ਦੀ ਤਲਵਾਰ ਲਟਕਾਈ ਹੋਈ ਹੈ। ਇਸੇ ਕਾਰਨ ਮੁੱਖ ਮੰਤਰੀ, ਡੀਜੀਪੀ ਦੇ ਕਾਰਜਕਾਲ ’ਚ ਕੀਤੇ ਗਏ ਵਾਧੇ ਦਾ ਵਿਰੋਧ ਨਹੀਂ ਕਰ ਸਕੇ। ਸ੍ਰੀ ਖਹਿਰਾ ਨੇ ਕਿਹਾ ਕਿ ਡੀਜੀਪੀ ਦੇ ਕਾਰਜਕਾਲ ਦਾ ਵਾਧਾ ਇਹ ਗੱਲ ਵੀ ਸਾਬਤ ਕਰਦਾ ਹੈ ਕਿ ਹੋਰ ਕੋਈ ਵੀ ਪੁਲੀਸ ਅਫ਼ਸਰ ਡੀਜੀਪੀ ਬਣਨ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਡੀਜੀਪੀ ਸੁਰੇਸ਼ ਅਰੋੜਾ ਬਾਦਲਾਂ ਦੇ ਗਲਤ ਕੰਮਾਂ ’ਤੇ ਚੁੱਪਚਾਪ ਪਰਦਾ ਪਾਉਂਦੇ ਆ ਰਹੇ ਹਨ। ਉਨ੍ਹਾਂ ਨੇ ਅਜੇ ਤੱਕ ਵੀ ਬਹਿਬਲ ਕਲਾਂ ’ਚ ਗੋਲੀ ਚਲਾਉਣ ਵਾਲੇ ਪੁਲੀਸ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਨਸ਼ਿਆਂ ਦੇ ਮਾਮਲੇ ਦੀ ਜਾਂਚ ਬਰਖਾਸਤ ਕੀਤੇ ਗਏ ਇੰਸਪੈਕਟਰ ਇੰਦਰਜੀਤ ਸਿੰਘ ਨੇ ਜਦੋਂ ਏਡੀਜੀਪੀ ਦਿਨਕਰ ਗੁਪਤਾ ਤੇ ਰਾਜਜੀਤ ਸਿੰਘ ਦਾ ਨਾਂ ਲੈ ਦਿੱਤਾ ਸੀ ਤਾਂ ਨਸ਼ਿਆਂ ਵਿਰੁੱਧ ਚੱਲਦੀ ਮੁਹਿੰਮ ਨੂੰ ਉਸੇ ਵੇਲੇ ਹੀ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ ਸੀ। ਵਿਧਾਇਕ ਬਲਦੇਵ ਨੇ ਖਹਿਰਾ ਨਾਲ ਬਣਾਈ ਏਕਤਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਦੇਵ ਸਿੰਘ ਵੱਲੋਂ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋਂ ਅਸਤੀਫਾ ਦੇਣ ਤੋਂ ਇਕ ਦਿਨ ਬਾਅਦ ਹੀ ਉਹ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤਾਨਾਸ਼ਾਹ ਬਣ ਗਏ ਹਨ। ਉਨ੍ਹਾਂ ਦਾ ਵਿਵਹਾਰ ਪੰਜਾਬ ਤੇ ਪੰਜਾਬੀਆਂ ਪ੍ਰਤੀ ਤਾਨਾਸ਼ਾਹੀ ਵਾਲਾ ਰਿਹਾ ਹੈ। ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਕ ਵਾਰ ਫਿਰ ਇਹ ਗੱਲ ਸਾਬਤ ਹੋ ਗਈ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਕੋਈ ਅਧਾਰ ਨਹੀਂ ਰਿਹਾ।