ਸੂਬੇ ਦੀ ਭਾਜਪਾ ਸਰਕਾਰ ਹਰ ਵਰਗ ਦੇ ਸੁਧਾਰ ਲਈ ਯਤਨਸ਼ੀਲ: ਨਾਇਬ ਸੈਣੀ

17

November

2018

ਜੀਂਦ, ਹਰਿਆਣਾ ਦੇ ਮਜ਼ਦੂਰ ਅਤੇ ਰੁਜ਼ਗਾਰ ਰਾਜ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਚੋਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਸੂਬੇ ਦੇ ਲੋਕਾਂ ਲਾਲ ਜਿਹੜੇ ਵਾਅਦੇ ਕੀਤੇ ਸੀ, ਉਨ੍ਹਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਭਾਜਪਾ ਨੇ ਹਰਿਆਣਾ ਦੇ ਇਤਿਹਾਸ ਵਿੱਚ ਕਮੇਰੇ ਵਰਗ ਦੇ ਉਥਾਨ ਲਈ ਜ਼ਿਆਦਾ ਕੰਮ ਕਰਕੇ ਵਿਖਾ ਦਿੱਤਾ ਹੈ ਕਿ ਭਾਜਪਾ ਹੀ ਉਨ੍ਹਾਂ ਦੀ ਹਿਤੈਸ਼ੀ ਪਾਰਟੀ ਹੈ। ਇੱਥੇ ਹੁੱਡਾ ਗਰਾਊਂਡ ਵਿੱਚ ਲੱਗੇ ਮੇਲੇ ਵਿੱਚ ਮੰਤਰੀ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬੇ ਦੇ ਹਰ ਵਰਗ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਲਾਗੂ ਕੀਤੀਆਂ ਗਈਆਂ ਲਗਪਗ ਦੋ ਦਰਜਨ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜੀਕਰਤ ਮਜ਼ਦੂਰਾਂ ਦੇ ਬੱਚਿਆਂ ਲਈ ਡਾਕਟਰ, ਇੰਜਨੀਅਰ ਤੇ ਆਈਏਐਸ ਅਧਿਕਾਰੀ ਬਣਨ ਦਾ ਰਸਤਾ ਭਾਜਪਾ ਨੇ ਸਾਫ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਦੀਆਂ ਬੇਟੀਆਂ ਦੇ ਵਿਆਹ ਵਿੱਚ ਕੰਨਿਆਦਾਨ ਦੇ ਰੂਪ ਵਿੱਚ 51 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਦੁਆਰਾ ਵਿਆਹ ਦੇ ਪ੍ਰਬੰਧ ਲਈ 50 ਹਜ਼ਾਰ ਰੁਪਏ ਦੀ ਰਾਸ਼ੀ ਵੱਖਰੀ ਦਿੱਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਪੰਜੀਕਿਰਤ ਮਜ਼ਦੂਰ ਔਰਤਾਂ ਨੂੰ 60 ਹਜ਼ਾਰ ਸਿਲਾਈ ਮਸ਼ੀਨਾਂ ਉਪਲਬਧ ਕਰਵਾਉਣ ਦਾ ਟੀਚਾ ਮਿਥਿਆ ਗਆ ਹੈ ਤੇ ਹੁਣ ਤੱਕ 36 ਹਜ਼ਾਰ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਪ੍ਰੋਗਰਾਮ ਵਿੱਚ 1300 ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਜੀਂਦ ਜ਼ਿਲ੍ਹੇ ਦੇ 576 ਪੰਜੀਕਿਰਤ ਮਜ਼ਦੂਰਾਂ ਦੇ ਖਾਤਿਆਂ ਵਿੱਚ 6 ਯੋਜਨਾਵਾਂ ਤਹਿਤ ਆਗਾਮੀ 20 ਨਵੰਬਰ ਤੱਕ ਇੱਕ ਕਰੋੜ, 27 ਲੱਖ 52 ਹਜ਼ਾਰ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਮਜ਼ਦੂਰਾਂ ਨੂੰ ਪੰਜੀਕਿਰਤ ਕਿਤਾਬ ਵੀ ਕੀਤੀ। ਇਸ ਮੌਕੇ ਭਾਜਪਾ ਦੇ ਸੂਬਾਈ ਸਕੱਤਰ ਜਵਾਹਰ ਸੈਣੀ, ਜ਼ਿਲ੍ਹਾ ਪ੍ਰਧਾਨ ਅਮਰਪਾਲ ਰਾਣਾ, ਸਾਬਕਾ ਮੰਤਰੀ ਸੁਰਿੰਦਰ ਬਰਵਾਲਾ, ਡਾ. ਕ੍ਰਿਸ਼ਨ ਮਿੱਢਾ, ਸੀਤਾ ਰਾਮ ਬਾਗੜੀ, ਸੱਜਣ ਗਰਗ, ਡਾ. ਰਾਜ ਸੈਣੀ, ਵਿਕਰਮ ਚੌਹਾਨ ਅਤੇ ਰੁਜ਼ਗਾਰ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।