ਪਾਰਕਿੰਗ ਦੇ ਵਿਵਾਦ ਕਾਰਨ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰਿਆ

17

November

2018

ਨਵੀਂ ਦਿੱਲੀ, ਪਾਰਕਿੰਗ ਨੂੰ ਲੈ ਕੇ ਹੋਈ ਤਕਰਾਰ ਦੌਰਾਨ 19 ਸਾਲਾਂ ਦੇ ਮੁੰਡੇ ਨੂੰ ਅਣਪਛਾਤੇ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲੀਸ ਮੁਤਾਬਕ ਇਹ ਵਾਰਦਾਤ ਬਾਹਰੀ ਦਿੱਲੀ ਦੇ ਸੁਲਤਾਨਪੁਰੀ ਵਿਖੇ ਵਾਪਰੀ ਜਿੱਥੇ ਵਰੁਣ ਨਾਂ ਦੇ ਨੌਜਵਾਨ ਨੂੰ ਮੰਨੂ ਨਾਂ ਦੇ ਵਿਅਕਤੀ ਨੇ ਕਥਿਤ ਕੁਟਾਪਾ ਚਾੜ੍ਹਿਆ। ਉਸ ਦਾ ਸਾਥ ਭਰਾ ਰਵੀ ਤੇ ਹੋਰ ਲੋਕਾਂ ਨੇ ਵੀ ਦਿੱਤਾ। ਪੁਲੀਸ ਮੁਤਾਬਕ ਇਹ ਵਾਰਦਾਤ ਵੀਰਵਾਰ ਨੂੰ ਸਾਢੇ ਤਿੰਨ ਵਜੇ ਦੇ ਕਰੀਬ ਬਾਜ਼ਾਰ ਵਿੱਚ ਹੋਈ। ਮ੍ਰਿਤਕ ਵਰੁਣ ਨੂੰ ਮੰਨੂ ਨੇ ਬਹੁਤ ਕੁਟਾਪਾ ਚਾੜ੍ਹਿਆ। ਉਸ ਦਾ ਭਰਾ ਰਵੀ ਤੇ ਹੋਰ ਲੋਕ ਵੀ ਆ ਗਏ ਤੇ ਸਭ ਨੇ ਮਿਲ ਕੇ ਵਰੁਣ ਨੂੰ ਕੁੱਟਿਆ। ਡੀਸੀਪੀ ਸੇਜੂ ਕੁਰੂਵਿਲਾ ਨੇ ਦੱਸਿਆ ਕਿ ਸਭ ਨੇ ਮਿਲ ਕੇ ਵਰੁਣ ਨੂੰ ਕੁਟਾਪਾ ਚਾੜ੍ਹਿਆ। ਪੁਲੀਸ ਅਧਿਕਾਰੀ ਮੁਤਾਬਕ ਜਤਿਨ ਤੇ ਉਸ ਦਾ ਦੋਸਤ ਦੀਪਾਂਕਰ ਬਾਜ਼ਾਰ ਵਿੱਚ ਕਚੋੜੀਆਂ ਖਾ ਰਹੇ ਸਨ ਤੇ ਇਸੇ ਦੌਰਾਨ ਮੰਨੂ ਆਪਣੇ ਦੋਸਤ ਨਾਲ ਉੱਥੇ ਸਕੂਟਰ ਉਪਰ ਸਵਾਰ ਹੋ ਕੇ ਆਇਆ ਤੇ ਉਨ੍ਹਾਂ ਲੋਕਾਂ ਦੇ ਸਾਹਮਣੇ ਸਕੂਟਰ ਰੋਕ ਦਿੱਤਾ। ਕੁਰੂਵਿਲਾ ਨੇ ਦੱੱਸਿਆ ਕਿ ਇਸ ਗੱਲੋਂ ਦੋਨਾਂ ਧਿਰਾਂ ਦਰਮਿਆਨ ਤਕਰਾਰ ਹੋ ਗਿਆ ਤੇ ਜਤਿਨ ਨੇ ਮੰਨੂ ਨੂੰ ਸਕੂਟਰ ਪਾਰਕਿੰਗ ਵਿੱਚ ਲਾਉਣ ਜਾਂ ਹੋਰ ਥਾਂ ਖੜ੍ਹਾ ਕਰਨ ਲਈ ਕਿਹਾ। ਇਸ ਮਗਰੋਂ ਮੰਨੂ ਤੇ ਸਾਥੀਆਂ ਨੇ ਜਤਿਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਦੇਖਦੇ ਹੋਏ ਦੀਪਾਂਕਰ ਭੱਜ ਕੇ ਜਤਿਨ ਦੇ ਭਰਾ ਵਰੁਣ ਨੂੰ ਲੈ ਆਇਆ ਜਿਸ ਨੇ ਦੋਨਾਂ ਧਿਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਮੰਨੂ ਨੇ ਵੀ ਆਪਣੇ ਭਰਾ ਰਵੀ ਤੇ ਹੋਰਨਾਂ ਨੂੰ ਸੱਦ ਲਿਆ। ਇਨ੍ਹਾਂ ਸਭਨਾਂ ਨੇ ਮਿਲ ਕੇ ਵਰੁਣ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤਾਂ ਉਹ ਬੇਹੋਸ਼ ਹੋ ਗਿਆ। ਵਰੁਣ ਨੂੰ ਜੈਪੁਰ ਗੋਲਡਨ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਇਲਾਜ ਦੌਰਾਨ ਦਮ ਤੋੜ ਗਿਆ ਕਿਉਂਕਿ ਅੰਦਰੂਨੀ ਸੱਟਾਂ ਕਾਰਨ ਖ਼ੂਨ ਵਹਿ ਗਿਆ। ਪਹਿਲਾਂ ਪੁਲੀਸ ਨੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ ਪਰ ਵਰੁਣ ਦੀ ਮੌਤ ਮਗਰੋਂ ਕਤਲ ਦੀਆਂ ਧਾਰਾਂ ਜੋੜੀਆਂ ਗਈਆਂ ਤੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਪੁਲੀਸ ਵੱਲੋਂ ਜਾਰੀ ਸਨ।