ਇਕੋ ਦਿਨ ਉੱਠੀਆਂ ਪਿਓ-ਪੁੱਤ ਦੀਆਂ ਅਰਥੀਆਂ

17

November

2018

ਮੋਗਾ, ਬਾਘਾ ਪੁਰਾਣਾ ਵਿਚ ਇਕ ਪਰਿਵਾਰ ’ਤੇ ਕੁਦਰਤ ਦਾ ਕਹਿਰ ਢਹਿ ਪਿਆ। ਘਰ ’ਚੋਂ ਇਕੋ ਦਿਨ ਪਿਉ-ਪੁੱਤ ਦੀ ਇਕੱਠੀ ਅਰਥੀ ਨਿਕਲੀ ਤਾਂ ਮਾਹੌਲ ਗ਼ਮਗੀਨ ਹੋ ਗਿਆ ਤੇ ਹਰ ਇੱਕ ਦੀ ਅੱਖ ’ਚੋਂ ਹੰਝੂ ਵਹਿ ਤੁਰੇ। ਜਾਣਕਾਰੀ ਅਨੁਸਾਰ ਬਾਘਾ ਪੁਰਾਣਾ ਦੀ ਮੁਗਲੂ ਪੱਤੀ ਵਿਚ ਇੱਕ ਘਰ ਦੇ ਬਾਹਰ ਗੰਦੇ ਨਾਲੇ ’ਚ ਡਿੱਗਣ ਨਾਲ ਗਰੀਬ ਮਜ਼ਦੂਰ ਦੀ ਮੌਤ ਹੋ ਗਈ। ਉਹ ਲੰਘੀ ਦੇਰ ਸ਼ਾਮ ਨੂੰ ਮਜ਼ਦੂਰੀ ਕਰਕੇ ਘਰ ਪਰਤ ਰਿਹਾ ਸੀ ਅਤੇ ਹਨੇਰਾ ਹੋਣ ਕਾਰਨ ਉਹ ਨਾਲੇ ’ਚ ਡਿੱਗ ਪਿਆ, ਜਿਸ ਦਾ ਲੋਕਾਂ ਨੂੰ ਸਵੇਰੇ ਪਤਾ ਲੱਗਾ। ਇਸ ਤੋਂ ਬਾਅਦ ਪੁੱਤਰ ਦੀ ਮੌਤ ਦਾ ਗਮ ਨਾਂ ਸਹਾਰਦੇ ਪਿਤਾ ਦੀ ਵੀ ਸਦਮੇ ਵਿਚ ਮੌਤ ਹੋ ਗਈ। ਥਾਣਾ ਬਾਘਾਪੁਰਾਣਾ ਪੁਲੀਸ ਨੇ ਮ੍ਰਿਤਕ ਮਜ਼ਦੂਰ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਜਾਣਕਾਰੀ ਮੁਤਾਬਕ ਮਜ਼ਦੂਰ ਓਂਕਾਰ ਸਿੰਘ (45) ਵਾਸੀ ਬਾਬਾ ਜੀਵਨ ਸਿੰਘ ਨਗਰ, ਮੰਡੀਰਾਂ ਰੋਡ, ਬਾਘਾ ਪੁਰਾਣਾ ਲੰਘੀ ਦੇਰ ਸ਼ਾਮ ਨੂੰ ਮਜ਼ਦੂਰੀ ਕਰਕੇ ਘਰ ਪਰਤ ਰਿਹਾ ਸੀ ਅਤੇ ਹਨੇਰਾ ਹੋਣ ਕਾਰਨ ਨਾਲੇ ’ਚ ਡਿੱਗ ਪਿਆ। ਇਸ ਘਟਨਾ ਦੀ ਜਾਣਕਾਰੀ ਥਾਣਾ ਬਾਘਾ ਪੁਰਾਣਾ ਪੁਲੀਸ ਨੂੰ ਦਿੱਤੀ ਗਈ। ਜਦੋਂ ਇਹ ਖ਼ਬਰ ਘਰ ਪਹੁੰਚੀ ਤਾਂ ਪੁੱਤ ਦੀ ਮੌਤ ਦਾ ਗਮ ਨਾਂ ਸਹਾਰਦੇ ਪਿਉ ਦਰਬਾਰਾ ਸਿੰਘ ਦੀ ਵੀ ਸਦਮੇ ਨਾਲ ਮੌਤ ਹੋ ਗਈ। ਦੋਵਾਂ ਪਿਉ ਪੁੱਤ ਦੀ ਅਰਥੀ ਇਕੱਠੀ ਘਰ ’ਚੋਂ ਉੱਠੀ। ਦੋਵਾਂ ਦਾ ਨਿਹਾਲ ਸਿੰਘ ਵਾਲਾ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ।