ਪੇਸ਼ੀ ਭੁਗਤਣ ਆਏ ਹਵਾਲਾਤੀ ਵੱਲੋਂ ਫ਼ਰਾਰ ਹੋਣ ਦੀ ਕੋਸ਼ਿਸ਼

17

November

2018

ਖਰੜ, ਅੱਜ ਖਰੜ ਦੀ ਅਦਾਲਤ ਵਿੱਚ ਪਟਿਆਲਾ ਜੇਲ੍ਹ ਤੋਂ ਪੇਸ਼ੀ ਭੁਗਤਣ ਆਏ ਮੁਲਜ਼ਮ ਵੱਲੋਂ ਪੁਲੀਸ ਨੂੰ ਚਕਮਾ ਦੇ ਕੇ ਭੱਜਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ। ਪੁਲੀਸ ਨੇ ਫੁਰਤੀ ਦਿਖਾਉਂਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ। ਪਟਿਆਲਾ ਜੇਲ੍ਹ ਤੋਂ ਆਏ ਏਐਸਆਈ ਰੇਸ਼ਮ ਸਿੰਘ ਨੇ ਖਰੜ ਪੁਲੀਸ ਨੂੰ ਦੱਸਿਆ ਕਿ ਉਹ ਪੇਸ਼ੀ ਭੁਗਤਣ ਵਾਲੇ ਮੁਲਜ਼ਮਾਂ ਨੂੰ ਸਰਕਾਰੀ ਗੱਡੀ, ਜੋ ਅਦਾਲਤ ਕੰਪਲੈਕਸ ਵਿੱਚ ਭੀੜ ਹੋਣ ਕਾਰਨ ਸੜਕ ’ਤੇ ਖੜ੍ਹੀ ਕੀਤੀ ਹੋਈ ਸੀ, ਵਿੱਚ ਮੁਲਜ਼ਮਾਂ ਨੂੰ ਲਿਜਾ ਰਹੇ ਸਨ। ਦੁਪਹਿਰ ਇਕ ਵਜੇ ਦੇ ਕਰੀਬ ਮੁਲਜ਼ਮ ਅਨੁਜ ਉਰਫ਼ ਖਾਨ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਸਰਕਾਰੀ ਗੱਡੀ ਵੱਲ ਲਿਜਾ ਰਹੇ ਸਨ। ਜਿਵੇਂ ਹੀ ਉਹ ਸੜਕ ’ਤੇ ਪੁੱਜਿਆ ਤਾਂ ਉਸ ਨੇ ਪੁਲੀਸ ਤੋਂ ਆਪਣਾ ਗੁੱਟ ਛੁੜਵਾ ਲਿਆ ਅਤੇ ਭੱਜ ਗਿਆ। ਇਸੇ ਦੌਰਾਨ ਇੱਕ ਮੋਟਰਸਾਈਕਲ ਸਵਾਰ ਉਸ ਦੀ ਮਦਦ ਲਈ ਆ ਗਿਆ ਅਤੇ ਪੁਲੀਸ ਮੁਲਾਜ਼ਮਾਂ ਵੱਲੋਂ ਸ਼ੌਰ ਮਚਾ ਦਿੱਤਾ ਗਿਆ। ਇਸੇ ਦੌਰਾਨ ਖਰੜ ਪੁਲੀਸ ਦੇ ਐਸਆਈ ਦਵਿੰਦਰ ਸਿੰਘ ਅਤੇ ਹੋਰ ਕਰਮਚਾਰੀ ਮੁਲਜ਼ਮ ਵੱਲ ਭੱਜੇ ਅਤੇ ਹੱਥੋਪਾਈ ਮਗਰੋਂ ਮੁਲਜ਼ਮ ਨੂੰ ਮੁੜ ਕਾਬੂ ਕਰ ਲਿਆ ਗਿਆ। ਇਸ ਹੱਥੋਪਾਈ ਦੌਰਾਨ ਸਿਪਾਹੀ ਗੁਲਸ਼ਨ ਖਾਨ ਅਤੇ ਮੁਲਜ਼ਮ ਅਨੁਜ ਨੂੰ ਸੱਟਾਂ ਲੱਗੀਆਂ। ਇਸੇ ਦੌਰਾਨ ਮੋਟਰਸਾਈਕਲ ਵੀ ਸੜਕ ’ਤੇ ਡਿੱਗ ਪਿਆ ਅਤੇ ਅਣਪਛਾਤਾ ਵਿਅਕਤੀ ਜੋ ਅਨੁਜ ਦੀ ਮਦਦ ਲਈ ਆਇਆ ਸੀ, ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਉਸ ਦੇ ਮੋਟਰਸਾਈਕਲ ਨੂੰ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਖਰੜ ਸਿਟੀ ਪੁਲੀਸ ਨੇ ਮੁਲਜ਼ਮ ਅਨੁਜ ਅਤੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਖਰੜ ਸਿਟੀ ਥਾਣੇ ਦੇ ਮੁਖੀ ਭਗਵੰਤ ਸਿੰਘ ਰਿਆੜ ਨੇ ਦੱਸਿਆ ਕਿ ਇਹ ਮੁਲਜ਼ਮ ਪਟਿਆਲਾ ਜੇਲ੍ਹ ਵਿੱਚ ਬੰਦ ਸੀ ਅਤੇ ਗੈਂਗ ਲੀਡਰ ਮੈਂਡੀ ਦੇ ਕਤਲ ਦਾ ਬਦਲਾ ਲੈਣ ਲਈ ਸਾਂਰਗਪੁਰ ਵਿੱਚ ਜੁਲਾਈ 2018 ਵਿੱਚ ਰਿਸ਼ਬ ਨਾਂ ਦੇ ਵਿਅਕਤੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਸੀ। ਹੁਣ ਇਸ ਮੁਲਜ਼ਮ ਨੂੰ 4 ਦਸੰਬਰ 2017 ਨੂੰ ਇੱਕ ਵਿਅਕਤੀ ਨੂੰ ਕੁੱਟਣ ਦੇ ਸਬੰਧ ਵਿੱਚ ਪੁਲੀਸ ਵੱਲੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਗਿਆ ਸੀ ਅਤੇ ਉਸ ਕੇਸ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਅੱਜ ਪੁਲੀਸ ਵੱਲੋਂ ਅਦਾਲਤ ਵਿੱਚ ਕਾਫੀ ਚੌਕਸੀ ਰੱਖੀ ਗਈ ਸੀ ਕਿਉਂਕਿ ਗੈਂਗ ਲੀਡਰ ਮੈਂਡੀ ਦੇ ਕਤਲ ਕੇਸ ਦਾ ਇੱਕ ਮੁਲਜ਼ਮ ਗੈਂਗਸਟਰ ਗਗਨਦੀਪ ਸਿੰਘ ਦੀ ਵੀ ਨਾਭਾ ਜੇਲ੍ਹ ਤੋਂ ਖਰੜ ਵਿੱਚ ਪੇਸ਼ੀ ਸੀ। ਪੁਲੀਸ ਵੱਲੋਂ ਕਾਫੀ ਚੌਕਸੀ ਰੱਖੀ ਗਈ ਸੀ ਜਿਸ ਕਾਰਨ ਮੁਲਜ਼ਮ ਭੱਜਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਇਸੇ ਦੌਰਾਨ ਪੁਲੀਸ ਨੇ ਮੁਲਜ਼ਮ ਅਨੁਜ ਅਤੇ ਜ਼ਖ਼ਮੀ ਪੁਲੀਸ ਕਰਮਚਾਰੀ ਗੁਲਸ਼ਨ ਖਾਨ ਦਾ ਮੈਡੀਕਲ ਕਰਵਾਇਆ।